ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦੇਵਾਂਗੇ : ਧਾਲੀਵਾਲ

ਫਗਵਾੜਾ 11 ਅਕਤੂਬਰ (ਰੋਜ਼ਾਨਾਂ ਰਿਪੋਰਟਰ ਨਿਊਜ਼) ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਨੂੰ ਕਾਂਗਰਸ ਵੱਲੋਂ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ‘ਚ ਫਗਵਾੜਾ ਦੇ ਵਿਧਾਇਕ ਅਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਫਗਵਾੜਾ ਦੇ ਕਾਂਗਰਸੀਆਂ ਨੇ ਵੀ ਸ਼ਮੂਲੀਅਤ ਕੀਤੀ। ਪਰ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਕਾਂਗਰਸੀਆਂ ਨੂੰ ਰਸਤੇ ਵਿੱਚ ਹੀ ਜ਼ਬਰਦਸਤੀ ਰੋਕਣ ਅਤੇ ਹਿਰਾਸਤ ਵਿੱਚ ਲੈਣ ਦੀ ਨਿਖੇਧੀ ਕਰਦਿਆਂ ਵਿਧਾਇਕ ਧਾਲੀਵਾਲ ਅਤੇ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਕਾਂਗਰਸ ਨੂੰ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਦੇਣ ਤੋਂ ਰੋਕਣਾ ਜਮਹੂਰੀ ਹੱਕ ਨੂੰ ਖੋਹਣ ਦੀ ਅਨਿਆਂਪੂਰਨ ਕਾਰਵਾਈ ਹੈ। ਜਿਸ ਨੂੰ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੇ ਇਸ਼ਾਰੇ ’ਤੇ ਚੰਡੀਗੜ੍ਹ ਪੁਲਿਸ ਵਲੋਂ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵੇਗੀ ਅਤੇ ਜਿਸ ਪੱਧਰ ’ਤੇ ਲੋੜ ਹੋਵੇਗੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਜੀਤ ਪਾਲ ਵਾਲੀਆ ਡੈਲੀਗੇਟ ਪ੍ਰਦੇਸ਼ ਕਾਂਗਰਸ, ਰੋਹਿਤ ਜੋਸੀ ਡੈਲੀਗੇਟ ਪ੍ਰਦੇਸ਼ ਕਾਂਗਰਸ, ਸੁਖਵਿੰਦਰ ਬਿੱਲੂ ਖੇੜਾ ਵਾਈਸ ਚੇਅਰਮੈਨ ਐਸ.ਸੀ. ਵਿਭਾਗ ਪੰਜਾਬ, ਅਮਰਜੀਤ ਸਿੰਘ ਨਿੱਝਰ ਜਨਰਲ ਸਕੱਤਰ ਓ.ਬੀ.ਸੀ ਵਿਭਾਗ ਪੰਜਾਬ, ਜਗਜੀਵਨ ਰਾਮ ਖਲਵਾੜਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਰਾਜ ਕੁਮਾਰ ਰਾਜੂ, ਰਵੀ ਕੁਮਾਰ ਪਲਾਹੀ, ਅਵਤਾਰ ਸਿੰਘ ਆਦਿ ਵੀ ਇਸ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਏ।
