ਸੋਨਾਲੀਕਾ ਟਰੈਕਟਰ ਫੈਕਟਰੀ ‘ਚ ਤੇਂਦੁਆ ਦਾਖਿਲ ਹੋਣ ਨਾਲ ਫੈਲੀ ਸਨਸਨੀ

ਸੋਨਾਲੀਕਾ ਟਰੈਕਟਰ ਫੈਕਟਰੀ ‘ਚ ਤੇਂਦੁਆ ਦਾਖਿਲ ਹੋਣ ਨਾਲ ਫੈਲੀ ਸਨਸਨੀ !

12 ਘੰਟੇ ਚੱਲੇ ਅਪਰੇਸ਼ਨ ਤੋਂ ਬਾਅਦ ਕਾਬੂ ਕਰਨ ‘ਚ ਮਿਲੀ ਸਫਲਤਾ 

ਜਾਨੀ ਨੁਕਸਾਨ ਤੋਂ ਬਚਾਅ ; ਫੈਕਟਰੀ ਵਰਕਰਾਂ ਤੇ ਸਟਾਫ ਨੂੰ ਸੁਰੱਖਿਅਤ ਕੱਢਿਆ ਬਾਹਰ 

ਹੁਸ਼ਿਆਰਪੁਰ, 26 ਨਵੰਬਰ (ਤਰਸੇਮ ਦੀਵਾਨਾ ) –

ਹੁਸ਼ਿਆਰਪੁਰ ਜਲੰਧਰ ਰੋਡ ਤੇ ਸਥਿਤ ਦੇਸ਼ ਦੀ ਨਾਮੀ ਟਰੈਕਟਰ ਨਿਰਮਾਤਾ ਕੰਪਨੀ ਸੋਨਾਲੀਕਾ ਇੰਟਰਨੈਸ਼ਨਲ ਦੇ ਫੈਕਟਰੀ ਕੰਪਲੈਕਸ ਵਿੱਚ ਮਨੁੱਖੀ ਜਾਨ ਲਈ ਖਤਰਨਾਕ ਜੰਗਲੀ ਜੀਵ ਤੇਂਦੁਆ ਦੇਖੇ ਜਾਣ ਕਾਰਣ ਸਨਸਨੀ ਫੈਲ ਗਈ | ਇਸ ਦਾਖਲ ਹੋਏ ਤੇਂਦੁਏ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਲਗਭਗ 12 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕਾਬੂ ਕਰ ਲਿਆ ਹੈ। ਫੈਕਟਰੀ ਅੰਦਰ ਤੇਂਦੁਆ ਦਾਖਲ ਹੋਣ ਦੀ ਖ਼ਬਰ ਨਸ਼ਰ ਹੋਣ ਮਗਰੋਂ ਇਲਾਕੇ ਅਤੇ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸੁਰੱਖਿਆ ਦੇ ਮੱਦੇਨਜ਼ਰ ਕੰਪਨੀ ਪ੍ਰਬੰਧਕਾਂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਫੈਕਟਰੀ ਵਿੱਚ ਕੰਮ ਕਰ ਰਹੇ ਸਾਰੇ ਵਰਕਰਾਂ ਅਤੇ ਸਟਾਫ਼ ਨੂੰ ਛੁੱਟੀ ਦੇ ਕੇ ਸੁਰੱਖਿਅਤ ਬਾਹਰ ਕੱਢ ਦਿੱਤਾ ਸੀ। ਸੂਚਨਾ ਮਿਲਦਿਆਂ ਹੀ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਘੇਰਾਬੰਦੀ ਕਰ ਲਈ ਅਤੇ ਬਚਾਅ ਅਪਰੇਸ਼ਨ ਸ਼ੁਰੂ ਕੀਤਾ।ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਅਤੁਲ ਸ਼ਰਮਾ ਨੇ ਦੱਸਿਆ ਕਿ ਪਲਾਂਟ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਜਦੋਂ ਤੇਂਦੁਏ ਦੀ ਹਲਚਲ ਦਿਖਾਈ ਦਿੱਤੀ ਤਾਂ ਸਟਾਫ਼ ਹਰਕਤ ਵਿੱਚ ਆਇਆ। ਸਭ ਤੋਂ ਪਹਿਲਾਂ ਮੈਂਟੇਨੈਂਸ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਤੁਰੰਤ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ। ਇਸ ਤੋਂ ਬਾਅਦ ਡੀ.ਐੱਫ.ਓ. ਵਾਈਲਡ ਲਾਈਫ ਦਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਰੇਂਜ ਅਫ਼ਸਰ ਵਿਕਰਮਜੀਤ ਸਿੰਘ, ਹਰਜਿੰਦਰ ਸਿੰਘ ਅਤੇ ਚਰਨਜੀਤ ਸਿੰਘ, ਰਵੀ ਕੁਮਾਰ, ਰਮਨਪ੍ਰੀਤ ਕੌਰ ਤੇ ਹੋਰ ਸਟਾਫ਼ ਨੇ ਤੇਂਦੁਏ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਸਾਵਧਾਨੀ ਵਜੋਂ ਪਲਾਂਟ ਦੀ ਸ਼ਿਫਟ ਬੰਦ ਕਰ ਦਿੱਤੀ ਗਈ ਸੀ। ਬਚਾਅ ਕਾਰਜ ਵਿੱਚ ਸਮਾਜਿਕ ਸੰਗਠਨ ਵਾਇਰਲੈੱਸ ਸੈਕਿੰਡ ਇਨਿੰਗ ਦੇ ਵਰਕਰ ਵੀ ਮਦਦ ਲਈ ਪਹੁੰਚ ਚੁੱਕੇ ਸਨ। ਲਗਭਗ 12 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਜ ਦੁਪਹਿਰ 12 ਵਜੇ ਤੇਂਦੁਏ ਨੂੰ ਸੁਰੱਖਿਅਤ ਅਤੇ ਜਿਉਂਦਾ ਕਾਬੂ ਕਰ ਲਿਆ ਗਿਆ, ਜਿਸ ਤੋਂ ਬਾਅਦ ਫੈਕਟਰੀ ਪ੍ਰਬੰਧਨ ਨੇ ਸੁੱਖ ਦਾ ਸਾਹ ਲਿਆ।

ਜੰਗਲਾਤ ਵਿਭਾਗ ਦੇ ਅਧਿਕਾਰੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਤੇਂਦੁਆ ਬੀਤੀ ਰਾਤ ਤੋਂ ਹੀ ਫੈਕਟਰੀ ਕੰਪਲੈਕਸ ਅੰਦਰ ਲੁਕਿਆ ਹੋਇਆ ਸੀ। ਫੈਕਟਰੀ ਵਿੱਚ ਭਾਰੀ ਮਸ਼ੀਨਰੀ ਅਤੇ ਵੱਡੀ ਮਾਤਰਾ ਵਿੱਚ ਸਾਮਾਨ ਪਿਆ ਹੋਣ ਕਾਰਨ ਤੇਂਦੁਏ ਦੀ ਸਹੀ ਲੋਕੇਸ਼ਨ ਲੱਭਣ ਅਤੇ ਉਸ ਨੂੰ ਬੇਹੋਸ਼ ਕਰਕੇ ਕਾਬੂ ਕਰਨ ਵਿੱਚ ਟੀਮ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਖ਼ਰਕਾਰ 12 ਘੰਟਿਆਂ ਦੀ ਲਗਾਤਾਰ ਕੋਸ਼ਿਸ਼ ਮਗਰੋਂ ਟੀਮ ਨੇ ਤੇਂਦੁਏ ਨੂੰ ਸੁਰੱਖਿਅਤ ਪਿੰਜਰੇ ਵਿੱਚ ਬੰਦ ਕਰ ਲਿਆ, ਜਿਸ ਤੋਂ ਬਾਅਦ ਕੰਪਨੀ ਪ੍ਰਬੰਧਕਾਂ, ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।ਜੰਗਲੀ ਜੀਵ ਵਿਭਾਗ ਅਨੁਸਾਰ ਲਗਭਗ ਢਾਈ ਸਾਲਾ ਇਸ ਨਰ ਤੇਂਦੁਏ ਨੇ ਪੂਰੇ ਘਟਨਾਕ੍ਰਮ ਦੌਰਾਨ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ। ਫੈਕਟਰੀ ਦੇ ਸਾਰੇ ਮੁਲਾਜ਼ਮ ਸੁਰੱਖਿਅਤ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਤੋਂ ਤੇਂਦੁਏ ਦਾ ਮੈਡੀਕਲ ਚੈੱਕਅਪ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਜਾਵੇਗਾ ਕਿ ਇਸ ਨੂੰ ਸੁਰੱਖਿਅਤ ਜੰਗਲ ਵਿੱਚ ਛੱਡਿਆ ਜਾਵੇ ਜਾਂ ਛੱਤਬੀੜ ਚਿੜੀਆਘਰ ਵਿੱਚ। ਦੱਸ ਦੇਈਏ ਕਿ ਠੰਢ ਦੇ ਮੌਸਮ ਵਿੱਚ ਇਹ ਜੰਗਲੀ ਜਾਨਵਰ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਤੋਂ ਮੈਦਾਨੀ ਇਲਾਕਿਆਂ ਵੱਲ ਰੁਖ਼ ਕਰ ਲੈਂਦੇ ਹਨ।

ਫੋਟੋ ਅਜਮੇਰ ਦੀਵਾਨਾ

 

 

Leave a Reply

Your email address will not be published. Required fields are marked *