ਪਿੰਡ ਕੱਕੋਂ ਦੀ ਚੁਣੀ ਪੰਚਾਇਤ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਬੰਧਕ ਲਗਾ ਕੇ ਕਬਜ਼ੇ ਹੇਠ ਲੈਣ ਦੇ ਦੋਸ਼ : ਤਲਵਾੜ, ਲਾਲੀ ਤੇ ਭਾਰਦਵਾਜ਼

ਪਿੰਡ ਕੱਕੋਂ ਦੀ ਚੁਣੀ ਪੰਚਾਇਤ ਨੂੰ ਗੈਰ-ਕਾਨੂੰਨੀ ਢੰਗ ਨਾਲ ਪ੍ਰਬੰਧਕ ਲਗਾ ਕੇ ਕਬਜ਼ੇ ਹੇਠ ਲੈਣ ਦੇ ਦੋਸ਼ : ਤਲਵਾੜ, ਲਾਲੀ ਤੇ ਭਾਰਦਵਾਜ਼

ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਦਾ ਦਾਅਵਾ; ਕਾਰਵਾਈ ਨਾ ਹੋਣ ’ਤੇ ਸੜਕ ਜਾਮ ਕਰਨ ਤੇ ਡੀਸੀ ਦਫ਼ਤਰ ਅੱਗੇ ਮਰਨ ਵਰਤ ’ਤੇ ਬੈਠਣ ਦੀ ਚਿਤਾਵਨੀ

ਹੁਸ਼ਿਆਰਪੁਰ, 18 ਅਕਤੂਬਰ (ਤਰਸੇਮ ਦੀਵਾਨਾ)

ਪਿੰਡ ਕੱਕੋਂ ਦੀ ਚੁਣੀ ਹੋਈ ਪੰਚਾਇਤ ਦੇ ਮਾਮਲੇ ਵਿੱਚ ਸਿਆਸੀ ਦਖ਼ਲਅੰਦਾਜ਼ੀ, ਬਦਲਾਖੋਰੀ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਹੋਣ ਦੇ ਦੋਸ਼ ਲਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ, ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਭਾਰਦਵਾਜ਼ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ਦਾ ਹੱਲ ਨਾ ਕੀਤਾ ਗਿਆ ਤਾਂ ਹੁਸ਼ਿਆਰਪੁਰ-ਦਸੂਹਾ ਸੜਕ ਜਾਮ ਕਰਨ ਦੇ ਨਾਲ ਡੀਸੀ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।

 

ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਬਲਾਕ ਸੰਮਤੀ ਮੈਂਬਰ ਗੁਰਚਰਨ ਦਾਸ ਉਰਫ਼ ਬੰਟੂ ਅਤੇ ਪਿੰਡ ਕੱਕੋਂ ਦੇ ਵਸਨੀਕ ਆਦੇਸ਼ ਠਾਕੁਰ ਉਰਫ਼ ਚੰਚਲ ’ਤੇ ਪੰਚਾਇਤੀ ਮਾਮਲੇ ਵਿੱਚ ਸਿਆਸੀ ਪ੍ਰਭਾਵ ਵਰਤਣ ਦੇ ਦੋਸ਼ ਲਗਾਏ।

 

ਉਨ੍ਹਾਂ ਦੱਸਿਆ ਕਿ ਸਾਲ 2024 ਦੀਆਂ ਪੰਚਾਇਤੀ ਚੋਣਾਂ ਵਿੱਚ ਅਨੀਤਾ ਰਾਣੀ ਪਤਨੀ ਐਡਵੋਕੇਟ ਸ਼ਮਸ਼ੇਰ ਸਿੰਘ ਤਾਰਾਗੜ੍ਹ ਨੇ 104 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਸਰਪੰਚ ਦਾ ਅਹੁਦਾ ਸੰਭਾਲਿਆ ਸੀ। ਦੋਸ਼ ਲਾਇਆ ਗਿਆ ਕਿ ਚੋਣਾਂ ਵਿੱਚ ਹਾਰਨ ਵਾਲੇ ਧੜੇ ਵੱਲੋਂ ਆਦੇਸ਼ ਠਾਕੁਰ ਉਰਫ਼ ਚੰਚਲ ਨਾਲ ਮਿਲ ਕੇ ਪੰਚਾਇਤ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਕੀਤੀਆਂ ਗਈਆਂ, ਜਿਸ ਕਾਰਨ ਪੰਚਾਇਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

 

ਉਨ੍ਹਾਂ ਕਿਹਾ ਕਿ ਸਾਲ 2025 ਦੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਗੁਰਚਰਨ ਦਾਸ ਉਰਫ਼ ਬੰਟੂ ਨੂੰ ਕੱਕੋਂ ਤੋਂ ਉਮੀਦਵਾਰ ਬਣਾਏ ਜਾਣ ਅਤੇ ਚੋਣ ਜਿੱਤਣ ਦੇ ਮਾਮਲੇ ਵਿੱਚ ਵੀ ਸਰਕਾਰੀ ਤੰਤਰ ਦੀ ਕਥਿਤ ਦੁਰਵਰਤੋਂ ਦੇ ਦੋਸ਼ ਹਨ। ਜੂਨ 2025 ਵਿੱਚ ਪੰਚਾਇਤ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਦੀ ਪੈਰਵੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਕੀਤੇ ਜਾਣ ਦਾ ਵੀ ਉਨ੍ਹਾਂ ਦਾਅਵਾ ਕੀਤਾ।

 

ਇਸ ਮਾਮਲੇ ਦਾ ਅਹਿਮ ਨੁਕਤਾ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 12 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਨੂੰ ਦੱਸਿਆ ਗਿਆ। ਉਨ੍ਹਾਂ ਅਨੁਸਾਰ, ਇਨ੍ਹਾਂ ਹੁਕਮਾਂ ਵਿੱਚ ਸਰਪੰਚ ਨੂੰ ਮੁਅੱਤਲ ਕਰਨ ਅਤੇ ਮੁਅੱਤਲੀ ਦੌਰਾਨ ਪੰਚਾਇਤ ਦੇ ਬਾਕੀ ਮੈਂਬਰਾਂ ਵਿੱਚੋਂ ਕਿਸੇ ਇੱਕ ਨੂੰ ਸਰਪੰਚ ਦਾ ਚਾਰਜ ਦੇਣ ਦੀ ਹਦਾਇਤ ਸੀ, ਪਰ ਇਸ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 5 ਅਕਤੂਬਰ 2026 ਨੂੰ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖ਼ਾਸਤ ਦੇ ਕੇ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ ਸੀ।

 

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਪੰਚ ਅਨੀਤਾ ਰਾਣੀ ਦੇ ਪਤੀ ਐਡਵੋਕੇਟ ਸ਼ਮਸ਼ੇਰ ਸਿੰਘ ਤਾਰਾਗੜ੍ਹ ਵੱਲੋਂ ਗੁਰਚਰਨ ਦਾਸ ਉਰਫ਼ ਬੰਟੂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਅਤੇ ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ ਲੱਖਾਂ ਰੁਪਏ ਦੇ ਕਥਿਤ ਗਬਨ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਪੰਚਾਇਤ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ ਅਤੇ ਇਨਕਾਰ ਕਰਨ ’ਤੇ ਕਥਿਤ ਤੌਰ ’ਤੇ ਸਿਆਸੀ ਪ੍ਰਭਾਵ ਵਰਤਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

 

ਪ੍ਰੈੱਸ ਕਾਨਫਰੰਸ ਵਿੱਚ ਬੀ.ਡੀ.ਪੀ.ਓ. ਬਲਾਕ-1 ਦੇ ਦਫ਼ਤਰ ਵਿੱਚ ਤਾਇਨਾਤ ਇੱਕ ਕਲਰਕ ਖ਼ਿਲਾਫ਼ ਵੀ ਦੋਸ਼ ਲਗਾਏ ਗਏ।

। ਉਨ੍ਹਾਂ ਦੋਸ਼ ਲਾਇਆ ਕਿ ਉਕਤ ਕਲਰਕ ਵਲੋ ਸ਼ਾਮਚੁਰਾਸੀ ਹਲਕੇ ਦੇ ਪਿੰਡਾਂ ਦੇ ਬਿੱਲ ਪਾਸ ਕਰਨ ਬਦਲੇ ਕਥਿਤ ਤੌਰ ’ਤੇ ਰਿਸ਼ਵਤ ਲਈ ਜਾਂਦੀ ਹੈ। ਅਕਾਲੀ ਆਗੂਆਂ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪੰਚਾਇਤ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸੰਜੀਵ ਤਲਵਾੜ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਦੁਸਹਿਰੇ ਤੋਂ ਅਗਲੇ ਦਿਨ ਮੁਗਲਪੁਰੇ ਨੇੜੇ ਹੁਸ਼ਿਆਰਪੁਰ-ਦਸੂਹਾ ਸੜਕ ਪੱਕੇ ਤੌਰ ’ਤੇ ਜਾਮ ਕੀਤੀ ਜਾਵੇਗੀ। ਇਸ ਦੇ ਬਾਵਜੂਦ ਸੁਣਵਾਈ ਨਾ ਹੋਣ ’ਤੇ ਉਹ ਖ਼ੁਦ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮਰਨ ਵਰਤ ’ਤੇ ਬੈਠਣਗੇ।

 

ਪੱਖ : ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਫੋਨ ਨੰਬਰ 9396000000 ’ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਨਾ ਲੱਗਣ ਕਾਰਨ ਸੰਪਰਕ ਨਹੀਂ ਹੋ ਸਕਿਆ।

 

ਦੂਜੇ ਪਾਸੇ, ਸਾਬਕਾ ਪੰਚ ਗੁਰਚਰਨ ਦਾਸ ਉਰਫ਼ ਬੰਟੂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦਾ ਕਾਰਜਕਾਲ ਇੱਕ ਸਾਲ ਬਾਕੀ ਰਹਿੰਦਾ ਸੀ, ਜਦੋਂ ਉਸ ਸਮੇਂ ਦੀ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਟੂਟੀਆਂ ਦੇ ਬਿੱਲ ਟਿਊਬਵੈੱਲ ਆਪਰੇਟਰ ਕੁਲਵਿੰਦਰ ਸਿੰਘ ਵੱਲੋਂ ਇਕੱਠੇ ਕੀਤੇ ਜਾਂਦੇ ਸਨ ਅਤੇ ਪੰਚਾਇਤ ਭੰਗ ਹੋਣ ਸਮੇਂ ਸਾਰਾ ਹਿਸਾਬ-ਕਿਤਾਬ ਪੰਚਾਇਤ ਸਕੱਤਰ ਜਗਮੀਤ ਸਿੰਘ ਕੋਲ ਸੀ। ਉਨ੍ਹਾਂ ਅਨੁਸਾਰ, ਨਵੀਂ ਬਣੀ ਪੰਚਾਇਤ ਨੂੰ ਹਿਸਾਬ-ਕਿਤਾਬ ਪੰਚਾਇਤ ਸਕੱਤਰ ਵੱਲੋਂ ਸੌਂਪਿਆ ਜਾਣਾ ਸੀ।

 

ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਸੰਜੀਵ ਕੁਮਾਰ ਥਾਪਰ ਆਦਿ ਹਾਜ਼ਰ ਸਨ।

 

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *