ਸੰਗਰੂਰ:ਗੁਰਦੁਆਰੇ ਸਾਹਿਬ ਚੱਲ ਰਹੀ ਕਾਰ ਸੇਵਾ ਦੌਰਾਨ ਨਕਦੀ ਲੁੱਟਣ ਆਏ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਸੰਗਰੂਰ/ ਬਿਉਰੋ

 

ਸੰਗਰੂਰ ਦੇ ਇਤਿਹਾਸਕ ਪਿੰਡ ਬਡਰੁੱਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਲੰਘੀ 28 ਅਤੇ 29 ਦੀ ਦਰਮਿਆਨੀ ਰਾਤ ਨੂੰ ਹੋਈ ਗੋਲੀਬਾਰੀ ਅਤੇ ਲੁੱਟ ਦੀ ਕੋਸ਼ਿਸ਼ ਦੇ ਮਾਮਲੇ ਨੂੰ ਪੁਲਿਸ ਨੇ ਮਹਿਜ਼ 12 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸ.ਐਸ.ਪੀ. ਮੁਤਾਬਕ, ਇਹ ਹਮਲਾਵਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਦੀ ਨਕਦੀ ਲੁੱਟਣ ਦੇ ਇਰਾਦੇ ਨਾਲ ਆਏ ਸਨ।

ਸੰਗਰੂਰ ਦੇ ਪਿੰਡ ਬਡਰੁੱਖਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਕਾਰ ਸੇਵਾ ਵਾਲਿਆਂ ਦੇ ਰਿਹਾਇਸ਼ੀ ਇਲਾਕੇ ਵਿੱਚ ਬੀਤੀ 28-29 ਦੀ ਦਰਮਿਆਨੀ ਰਾਤ ਨੂੰ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਨੇ ਪਹਿਲਾਂ ਇੱਕ ਸੇਵਾਦਾਰ ਅਜਾਇਬ ਸਿੰਘ ਨੂੰ ਬੰਦੀ ਬਣਾ ਲਿਆ ਅਤੇ ਫਿਰ ਜਦੋਂ ਦੂਜੇ ਸੇਵਾਦਾਰ ਜਸਵੰਤ ਸਿੰਘ ਨੇ ਰੌਲਾ ਪਾਇਆ ਤਾਂ ਉਸ ਤੇ ਗੋਲੀ ਚਲਾ ਦਿੱਤੀ। ਇਸ ਫਾਇਰਿੰਗ ਵਿੱਚ ਜਸਵੰਤ ਸਿੰਘ ਜ਼ਖ਼ਮੀ ਹੋ ਗਿਆ ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਐਸ.ਐਸ.ਪੀ ਸੰਗਰੂਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਿਰਫ਼ 12 ਘੰਟਿਆਂ ਵਿੱਚ ਇਸ ਵਾਰਦਾਤ ਨੂੰ ਟਰੇਸ ਕਰ ਲਿਆ ਹੈ। ਪੁਲਿਸ ਨੇ ਚਾਰ ਮੁੱਖ ਮੁਲਜ਼ਮਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦੇ ਨਾਮ ਸਰਬਜੀਤ ਸਿੰਘ , ਜਗਸੀਰ ਸਿੰਘ, ਗੁਰਜੀਤ ਸਿੰਘ ਅਤੇ ਗਗਨਦੀਪ ਸਿੰਘ ਹਨ। ਇਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ। ਇਹ ਮੁਲਜ਼ਮ ਉੱਥੇ ਲੁੱਟ-ਖੋਹ ਦੀ ਮੰਸ਼ਾ ਨਾਲ ਆਏ ਸਨ, ਕਿਉਂਕਿ ਉੱਥੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਅਤੇ ਇਨ੍ਹਾਂ ਨੂੰ ਪਤਾ ਸੀ ਕਿ ਉੱਥੇ ਨਕਦੀ ਪਈ ਹੈ। ਜਦੋਂ ਇਹ ਲੁੱਟ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਇਨ੍ਹਾਂ ਨੇ ਗੋਲੀ ਚਲਾ ਦਿੱਤੀ।

ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਅਹਿਮ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਰਬਜੀਤ ਅਤੇ ਗੁਰਜੀਤ ਗੁਰੂ ਘਰ ਅਡੀਸਰ ਵਿਖੇ ਟਰੱਕ ਡਰਾਈਵਰ ਅਤੇ ਲਾਂਗਰੀ ਦੀ ਸੇਵਾ ਨਿਭਾ ਰਹੇ ਸਨ। ਉਹ ਪਹਿਲਾਂ ਤੋਂ ਹੀ ਜਾਣਦੇ ਸਨ ਕਿ ਬਡਰੁੱਖਾਂ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਲਈ ਨਕਦੀ ਮੌਜੂਦ ਹੈ। ਇਸ ਤੋਂ ਇਲਾਵਾ ਮੁਲਜ਼ਮ ਜਗਸੀਰ ਸਿੰਘ ਤੇ ਪਹਿਲਾਂ ਵੀ ਅਹਿਮਦਗੜ੍ਹ ਅਤੇ ਸਦਰ ਰਾਮਪੁਰਾ ਵਿਖੇ ਅਸਲਾ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਮਾਮਲੇ ਦੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

 

ਬਾਈਟ ਰਵਜੋਤ ਗਰੇਵਾਲ ਐਸਐਸਪੀ ਸੰਗਰੂਰ

Leave a Reply

Your email address will not be published. Required fields are marked *