ਡਿਪਟੀ ਕਮਿਸ਼ਨਰ ਨੇ ਮਿਸ਼ਨ ਜੀਵਨੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਐਸ.ਐਮ.ਓਜ਼ ਨਾਲ ਪਹਿਲੀ ਹਫਤਾਵਾਰੀ ਸਮੀਖਿਆ ਮੀਟਿੰਗ ਕੀਤੀ*

ਡਿਪਟੀ ਕਮਿਸ਼ਨਰ ਨੇ ਮਿਸ਼ਨ ਜੀਵਨੀ ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਐਸ.ਐਮ.ਓਜ਼ ਨਾਲ ਪਹਿਲੀ ਹਫਤਾਵਾਰੀ ਸਮੀਖਿਆ ਮੀਟਿੰਗ ਕੀਤੀ*

*ਡੀ.ਸੀ ਹਿਮਾਂਸ਼ੂ ਜੈਨ ਨੇ ਹਰ ਐਚ.ਆਰ.ਪੀ ਦੀ ਪਛਾਣ, ਟਰੈਕਿੰਗ ਤੇ ਸੁਰੱਖਿਅਤ ਜਣੇਪਾ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼*

*ਲੁਧਿਆਣਾ ਵਿੱਚ ਰੋਕਥਾਮਯੋਗ ਮਾਵਾਂ ਦੀ ਮੌਤ ਨੂੰ ਜ਼ੀਰੋ ਕਰਨ ਦਾ ਟੀਚਾ, ਚਾਰ ਮਹੀਨੇ ਅਹਿਮ: ਡੀ.ਸੀ. ਹਿਮਾਂਸ਼ੂ ਜੈਨ*

*ਵਧੀਆ ਕਾਰਗੁਜ਼ਾਰੀ ਵਾਲੀਆਂ ਆਸ਼ਾ ਵਰਕਰਾਂ ਤੇ ਏ.ਐਨ.ਐਮਜ਼ ਨੂੰ ਹਰ ਮਹੀਨੇ ਕੀਤਾ ਜਾਵੇਗਾ ਸਨਮਾਨਿਤ*

 

 

 

ਲੁਧਿਆਣਾ, 25 ਅਗਸਤ:

ਮਿਸ਼ਨ ਜੀਵਨੀ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ (ਐਚ.ਆਰ.ਪੀਜ਼) ਦੀ ਪ੍ਰਭਾਵਸ਼ਾਲੀ ਪਛਾਣ, ਲਗਾਤਾਰ ਟਰੈਕਿੰਗ ਅਤੇ ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਲਈ ਚਾਰ-ਮਹੀਨੇ ਦੀ ਵਿਸ਼ੇਸ਼ ਤੀਬਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰਾਂ (ਐਸ.ਐਮ.ਓਜ਼) ਦੀ ਪਹਿਲੀ ਹਫਤਾਵਾਰੀ ਸਮੀਖਿਆ ਮੀਟਿੰਗ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਰੁਣ ਸੱਗਰ, ਜ਼ਿਲ੍ਹਾ ਪਰਿਵਾਰ ਨਿਯੋਜਨ ਅਧਿਕਾਰੀ ਡਾ. ਅਮਨਪ੍ਰੀਤ ਕੌਰ, ਨੋਡਲ ਅਫਸਰ ਸ੍ਰੀ ਜੀਵਨਦੀਪ ਸਿੰਘ, ਸੀ.ਜੀ.ਓ. ਸ੍ਰੀ ਅੰਬਰ ਬੰਦੋਪਾਧਿਆਏ ਅਤੇ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਮੌਜੂਦ ਸਨ।

ਮੀਟਿੰਗ ਦੌਰਾਨ ਅਗਲੇ ਚਾਰ ਮਹੀਨਿਆਂ ਦੀ ਕਾਰਜ ਯੋਜਨਾ, ਐਚ.ਆਰ.ਪੀਜ਼ ਦੀ ਬਲਾਕ-ਵਾਰ ਸਥਿਤੀ ਅਤੇ ਉਨ੍ਹਾਂ ਦੇ ਸਮੇਂ ਸਿਰ ਇਲਾਜ ਤੇ ਸੁਰੱਖਿਅਤ ਡਿਲੀਵਰੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਉੱਚ-ਜੋਖਮ ਵਾਲੀ ਗਰਭ ਅਵਸਥਾ ਦੀ ਪਛਾਣ, ਟਰੈਕਿੰਗ ਅਤੇ ਸੁਰੱਖਿਅਤ ਜਣੇਪਾ ਯਕੀਨੀ ਬਣਾਇਆ ਜਾਵੇ, ਤਾਂ ਜੋ ਦੇਖਭਾਲ ਵਿੱਚ ਕਿਸੇ ਵੀ ਦੇਰੀ ਜਾਂ ਪਾੜੇ ਕਾਰਨ ਕਿਸੇ ਮਾਂ ਦੀ ਜਾਨ ਨਾ ਜਾਵੇ।

ਉਨ੍ਹਾਂ ਕਿਹਾ ਕਿ ਸਾਰੇ ਐਸ.ਐਮ.ਓਜ਼ ਆਪਣੇ-ਆਪਣੇ ਬਲਾਕਾਂ ਵਿੱਚ ਐਚ.ਆਰ.ਪੀਜ਼ ਦੀ ਹਫਤਾਵਾਰੀ ਵਿਸਤ੍ਰਿਤ ਸਮੀਖਿਆ ਕਰਨਗੇ ਅਤੇ ਅਗਲੇ ਹਫ਼ਤੇ ਡਿਲੀਵਰੀ ਲਈ ਹੋਣ ਵਾਲੀ ਹਰ ਐਚ.ਆਰ.ਪੀ ਲਈ ਵਿਸ਼ੇਸ਼ ਜਨਮ ਯੋਜਨਾ ਤਿਆਰ ਕਰਨਗੇ। ਐਚ.ਆਰ.ਪੀਜ਼ ਦੀ ਸਮੁੱਚੀ ਸਥਿਤੀ ਦੀ ਹਫਤਾਵਾਰੀ ਸਮੀਖਿਆ ਡਿਪਟੀ ਕਮਿਸ਼ਨਰ ਵੱਲੋਂ ਖੁਦ ਕੀਤੀ ਜਾਵੇਗੀ। ਜ਼ਿਆਦਾ ਐਚ.ਆਰ.ਪੀਜ਼ ਵਾਲੇ ਬਲਾਕਾਂ, ਖਾਸ ਕਰਕੇ ਕੂਮ ਕਲਾਂ ਅਤੇ ਸਾਹਨੇਵਾਲ, ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਚ.ਆਰ.ਪੀ ਰਿਕਾਰਡ ਏ.ਐਨ.ਸੀ. ਪੱਧਰ ਤੋਂ ਹੀ ਸਹੀ ਅਤੇ ਅਪਡੇਟ ਰੱਖੇ ਜਾਣ। ਨਰਸਾਂ ਅਤੇ ਆਸ਼ਾ ਵਰਕਰਾਂ ਨੂੰ ਬਲਾਕ ਸਟੈਟਿਸਟੀਕਲ ਅਸਿਸਟੈਂਟਸ (ਬੀ.ਐਸ.ਏਜ਼) ਦੇ ਸਹਿਯੋਗ ਨਾਲ ਐਚ.ਆਰ.ਪੀ ਕੇਸਾਂ ਦੀ ਨਿਯਮਿਤ ਪਾਲਣਾ ਲਈ ਜ਼ਿੰਮੇਵਾਰੀ ਸੌਂਪੀ ਜਾਵੇਗੀ। ਹਰ ਫਾਲੋ-ਅੱਪ ਦਾ ਸਹੀ ਰਿਕਾਰਡ ਰੱਖਣ ਦੇ ਨਾਲ ਏ.ਐਨ.ਐਮਜ਼ ਵੱਲੋਂ ਐਚ.ਆਰ.ਪੀ ਫਾਲੋ-ਅੱਪ ਡੇਟਾ ਸਮੇਂ ਸਿਰ ਬੀ.ਐਸ.ਏਜ਼ ਨਾਲ ਸਾਂਝਾ ਕਰਨਾ ਲਾਜ਼ਮੀ ਹੋਵੇਗਾ। ਬੀ.ਐਸ.ਏਜ਼ ਦੀ ਕਾਰਗੁਜ਼ਾਰੀ ਦੀ ਵੀ ਨਿਯਮਿਤ ਸਮੀਖਿਆ ਕੀਤੀ ਜਾਵੇਗੀ।

ਐਸ.ਐਮ.ਓਜ਼ ਨੂੰ ਆਪਣੇ ਬਲਾਕਾਂ ਵਿੱਚ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨਾਲ ਨਿਯਮਿਤ ਮੀਟਿੰਗਾਂ ਕਰਨ ਅਤੇ ਮੈਦਾਨੀ ਪੱਧਰ ’ਤੇ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਸਬੰਧੀ ਜਾਗਰੂਕਤਾ ਵਧਾਉਣ ਲਈ ਗਾਇਨੀਕੋਲੋਜਿਸਟਾਂ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਇਸ ਤਹਿਤ ਅਨੀਮੀਆ ਦੀ ਰੋਕਥਾਮ ਅਤੇ ਇਲਾਜ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਕਿਉਂਕਿ ਇਸਨੂੰ ਜ਼ਿਲ੍ਹੇ ਵਿੱਚ ਮਾਵਾਂ ਦੀ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਵਜੋਂ ਪਛਾਣਿਆ ਗਿਆ ਹੈ। ਐਚ.ਆਰ.ਪੀਜ਼ ਦੀ ਪ੍ਰਭਾਵਸ਼ਾਲੀ ਸੰਭਾਲ ਲਈ ਫੀਲਡ ਸਟਾਫ ਨੂੰ ਤਿਮਾਹੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੇਡੀ ਹੈਲਥ ਵਿਜ਼ਟਰਾਂ, ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਰਾਹੀਂ ਟੀਕਾਕਰਨ ਕੈਂਪ ਲਗਾਏ ਜਾਣਗੇ ਅਤੇ ਜ਼ਿਲ੍ਹੇ ਦੇ ਨਰਸਿੰਗ ਕਾਲਜਾਂ ਨੂੰ ਵੀ ਸਹਿਯੋਗ ਲਈ ਸ਼ਾਮਲ ਕੀਤਾ ਜਾਵੇਗਾ।ਫੀਲਡ ਸਟਾਫ ਦੀ ਹੌਸਲਾ-ਅਫਜ਼ਾਈ ਲਈ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਏ.ਐਨ.ਐਮਜ਼ ਨੂੰ ਹਰ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਾ ਵਰਕਰ ਅਤੇ ਏ.ਐਨ.ਐਮਜ਼ ਗਰਭਵਤੀ ਮਹਿਲਾਵਾਂ ਲਈ ਸਿਹਤ ਸੇਵਾਵਾਂ ਨਾਲ ਜੋੜਨ ਵਾਲੀ ਪਹਿਲੀ ਕੜੀ ਹਨ ਅਤੇ ਮਿਸ਼ਨ ਜੀਵਨੀ ਦੀ ਸਫਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।

ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਚਾਰ-ਮਹੀਨੇ ਦੀ ਮੁਹਿੰਮ ਨੂੰ ਹਰ ਪੱਧਰ ’ਤੇ ਪੂਰੀ ਗੰਭੀਰਤਾ ਨਾਲ ਲਾਗੂ ਕਰਨ ਅਤੇ ਹਰ ਹਫ਼ਤਾਵਾਰੀ ਸਮੀਖਿਆ ਮੀਟਿੰਗ ਲਈ ਪੂਰੇ ਬਲਾਕ-ਵਾਰ ਡੇਟਾ ਨਾਲ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ, “ਅਗਲੇ ਚਾਰ ਮਹੀਨੇ ਸਾਡੇ ਲਈ ਬੇਹੱਦ ਮਹੱਤਵਪੂਰਨ ਹਨ। ਜੇਕਰ ਹਰ ਬਲਾਕ ਮਿਸ਼ਨ ਜੀਵਨੀ ਤਹਿਤ ਆਪਣੀ ਜ਼ਿੰਮੇਵਾਰੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦਾ ਹੈ ਤਾਂ ਅਸੀਂ ਜ਼ਿਲ੍ਹਾ ਲੁਧਿਆਣਾ ਵਿੱਚ ਰੋਕਥਾਮਯੋਗ ਮਾਵਾਂ ਦੀ ਮੌਤ ਨੂੰ ਜ਼ੀਰੋ ਕਰਨ ਦੇ ਆਪਣੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ।”

Leave a Reply

Your email address will not be published. Required fields are marked *