ਚੰਡੀਗੜ/ ਬਿਊਰੋ

ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਭਗ 30 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਪਾਰਾ ਕਾਫੀ ਡਿੱਗੇਗਾ ਜਾਣਕਾਰੀ ਦੇ ਅਨੁਸਾਰਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ 30 ਜੁਲਾਈ ਤੱਕ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ 25 ਜੁਲਾਈ ਅਤੇ ਫਿਰ 28 ਤੋਂ 30 ਜੁਲਾਈ ਤੱਕ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ, ਜਦੋਂ ਕਿ ਵਿਚਕਾਰਲੇ ਦੋ ਦਿਨਾਂ (26 ਤੇ 27 ਜੁਲਾਈ) ਦੌਰਾਨ ਕੁਝ ਥਾਵਾਂ ’ਤੇ ਛਿੱਟੇ ਪੈ ਸਕਦੇ ਹਨ। 25, 27 ਅਤੇ 30 ਜੁਲਾਈ ਨੂੰ ਸੂਬੇ ਵਿੱਚ ਕੁੱਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 28 ਅਤੇ 29 ਜੁਲਾਈ ਨੂੰ ਕੁਝ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਲਈ ‘ਓਰੈਂਜ ਅਲਰਟ’ ਜਾਰੀ ਕੀਤਾ ਗਿਆ ਹੈ।ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਦੋਂ ਕਿ ਕੁਝ ਥਾਵਾਂ ‘ਤੇ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਪੰਜਾਬ ਵਿੱਚ ਮਾਨਸੂਨ ਦੀ ਗਤੀਵਿਧੀ ਨੂੰ ਆਮ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ ਹੈ।ਇਸ ਦੌਰਾਨ ਪੰਜਾਬ ਵਿੱਚ ਔਸਤਨ 6.6 ਮਿਲੀਮੀਟਰ ਮੀਂਹ ਪਿਆ, ਜਿਸ ਵਿੱਚ 24.6 ਮਿਲੀਮੀਟਰ ਬਾਰਿਸ਼ ਨਾਲ ਗੁਰਦਾਸਪੁਰ ਸਭ ਤੋਂ ਵੱਧ ਮੀਂਹ ਵਾਲਾ ਜ਼ਿਲ੍ਹਾ ਰਿਹਾ। ਇਸ ਤੋਂ ਬਾਅਦ ਮੁਕਤਸਰ ਵਿੱਚ 15.6 ਮਿਲੀਮੀਟਰ, ਫਰੀਦਕੋਟ ਵਿੱਚ 15.6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 14.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੁਹਾਲੀ, ਸੰਗਰੂਰ ਅਤੇ ਮਾਨਸਾ ਹੀ ਅਜਿਹੇ ਇਲਾਕੇ ਰਹੇ ਜਿੱਥੇ ਮੌਸਮ ਖੁਸ਼ਕ ਰਿਹਾ। ਸੂਬੇ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਵਾਂਗ ਰਿਹਾ, ਜਿਸ ਵਿੱਚ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਿਸ ਨਾਲ ਕਿ ਪੈ ਰਹੀ ਗਰਮੀ ਵਿੱਚ ਕਾਫੀ ਗਿਰਾਵਟ ਦਰਜ਼ ਕੀਤੀ ਗਈ ਹੈ।
