ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ 3 ਅਗਸਤ ਤੋਂ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਕੋਰਸ, ਕੌਂਸਲਿੰਗ 27 ਜੁਲਾਈ ਨੂੰ

ਕਪੂਰਥਲਾ, 20 ਜੁਲਾਈ/ ਸੁਨੀਲ ਕੁਮਾਰ
ਨੌਜਵਾਨਾਂ ਨੂੰ ਡੇਅਰੀ ਕਿੱਤੇ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਦੇਣ ਦੇ ਮਕਸਦ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਸਿਖਲਾਈ ਕੇਂਦਰ, ਫਗਵਾੜਾ ਅਤੇ ਤਰਨ ਤਾਰਨ ਵਿਖੇ 3 ਅਗਸਤ ਤੋਂ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਕੋਰਸ ਵਿਸ਼ੇਸ਼ ਤੌਰ ‘ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰਾਂ ਲਈ ਹੈ,ਜਿਸ ਦੇ ਲਈ ਦਾਖਲੇ ਸੰਬੰਧੀ ਕੌਂਸਲਿੰਗ 27 ਜੁਲਾਈ, 2026 ਨੂੰ ਸਵੇਰੇ 10:30 ਵਜੇ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਦੇ ਦਫ਼ਤਰ, ਨੇੜੇ ਵੈਟਰਨਰੀ ਪੋਲੀਕਲੀਨਿਕ, ਚਾਰਬੱਤੀ ਚੌਕ, ਕਪੂਰਥਲਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਨਾਲ ਸਬੰਧਤ ਉਹ ਉਮੀਦਵਾਰ, ਜਿਨ੍ਹਾਂ ਨੇ ਘੱਟੋ-ਘੱਟ 5ਵੀਂ ਜਮਾਤ ਪਾਸ ਕੀਤੀ ਹੋਵੇ, ਜਿਨ੍ਹਾਂ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇ, ਅਤੇ ਡੇਅਰੀ ਪਸ਼ੂਆਂ ਨੂੰ ਰੱਖਣ ਲਈ ਢੁਕਵੀਂ ਜ਼ਮੀਨ ਦੇ ਨਾਲ-ਨਾਲ ਹਰੇ ਚਾਰੇ ਦਾ ਪ੍ਰਬੰਧ ਹੋਵੇ, ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਦੋ ਹਫ਼ਤਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਵਿਗਿਆਨਕ ਡੇਅਰੀ ਫਾਰਮਿੰਗ ਦੇ ਤਰੀਕੇ ਸ਼ਾਮਲ ਹੋਣਗੇ, ਜਿਵੇਂ ਕਿ ਦੁਧਾਰੂ ਪਸ਼ੂਆਂ ਦੀ ਖਰੀਦ ਅਤੇ ਚੋਣ, ਖੁਰਾਕ ਅਤੇ ਪੋਸ਼ਣ, ਰਿਹਾਇਸ਼ ਅਤੇ ਦੇਖਭਾਲ, ਨਸਲ ਸੁਧਾਰ, ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ, ਅਤੇ ਨਾਲ ਹੀ ਆਧੁਨਿਕ ਮਾਰਕੀਟਿੰਗ ਤਕਨੀਕਾਂ। ਇਸ ਸਿਖਲਾਈ ਦਾ ਮਕਸਦ ਬੇਰੁਜ਼ਗਾਰ ਨੌਜਵਾਨਾਂ ਨੂੰ ਡੇਅਰੀ ਉਦਯੋਗ ਸਥਾਪਤ ਕਰਨ ਅਤੇ ਆਤਮ-ਨਿਰਭਰ ਬਣਨ ਦੇ ਯੋਗ ਬਣਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਦੌਰਾਨ ਹਰੇਕ ਸਿਖਿਆਰਥੀ ਨੂੰ 3,500 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ ਅਤੇ ਕੋਰਸ ਸਫ਼ਲਤਾਪੂਰਵਕ ਪੂਰਾ ਕਰਨ ਦੇ ਨਾਲ ਸਿਖਲਾਈ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ, 2, 5 ਜਾਂ 10 ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਤ ਕਰਨ ਦੇ ਚਾਹਵਾਨ ਯੋਗ ਸਿਖਿਆਰਥੀ ਯੋਜਨਾ ਤਹਿਤ 33 ਫੀਸਦੀ ਸਰਕਾਰੀ ਵਿੱਤੀ ਸਹਾਇਤਾ (ਸਬਸਿਡੀ) ਦੇ ਹੱਕਦਾਰ ਹੋਣਗੇ।
ਉਨ੍ਹਾਂ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਕੌਂਸਲਿੰਗ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਆਪਣੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਪਛਾਣ ਪੱਤਰ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲਿਆਉਣੀਆਂ ਲਾਜ਼ਮੀ ਹਨ।
ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ 90419-61218, 97813-90857 ਜਾਂ 83608-33515 ‘ਤੇ ਸੰਪਰਕ ਕਰ ਸਕਦੇ ਹਨ।
