ਕਪੂਰਥਲਾ ਵਿੱਚ ਖੇਤੀਬਾੜੀ ਗਰੇਡ ਯੂਰੀਆ ਦੀ ਡਾਇਵਰਜ਼ਨ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸਾਂ ਸਰਗਰਮ
ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ 8 ਚੈਕਿੰਗਾਂ, ਇੱਕ ਐੱਫ.ਆਈ.ਆਰ. ਦਰਜ; ਬਲਾਕ ਪੱਧਰ ’ਤੇ ਵੀ ਬਣਨਗੀਆਂ ਵਿਸ਼ੇਸ਼ ਟਾਸਕ ਫੋਰਸਾਂ
ਕਪੂਰਥਲਾ, 20 ਜੁਲਾਈ/ ਸੁਨੀਲ ਕੁਮਾਰ

ਖੇਤੀਬਾੜੀ ਗਰੇਡ ਯੂਰੀਆ ਦੀ ਡਾਇਵਰਜ਼ਨ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਖੇਤੀਬਾੜੀ ਗਰੇਡ ਯੂਰੀਆ ਦੀ ਗੈਰ-ਖੇਤੀਬਾੜੀ ਵਰਤੋਂ ਲਈ ਹੋ ਰਹੀ ਡਾਇਵਰਜ਼ਨ ਨੂੰ ਰੋਕਣ ਲਈ ਜਲਦ ਹੀ ਬਲਾਕ ਪੱਧਰ ’ਤੇ ਵੀ ਵਿਸ਼ੇਸ਼ ਟਾਸਕ ਫੋਰਸਾਂ ਦਾ ਗਠਨ ਕੀਤਾ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ, ਕਪੂਰਥਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਗਰੇਡ ਯੂਰੀਆ ਦੀ ਗੈਰ-ਖੇਤੀਬਾੜੀ ਕੰਮਾਂ ਲਈ ਹੋ ਰਹੀ ਡਾਇਵਰਜ਼ਨ ਨੂੰ ਰੋਕਣ ਲਈ ਖਾਦਾਂ ਅਤੇ ਖੇਤੀ ਇਨਪੁੱਟ ਡੀਲਰਾਂ ਦੀ ਨਿਯਮਤ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਹੁਣ ਤੱਕ ਜ਼ਿਲ੍ਹਾ ਕਪੂਰਥਲਾ ਵਿੱਚ 8 ਚੈਕਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਦੋਸ਼ੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਖੇਤੀਬਾੜੀ ਗਰੇਡ ਯੂਰੀਆ ਦੀ ਵਿਕਰੀ ਨਿਯਮਾਂ ਅਨੁਸਾਰ ਹੀ ਕਰਨ। ਯੂਰੀਆ ਦੀ ਡਾਇਵਰਜ਼ਨ, ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ
