ਆਦਿ ਧਰਮ ਦੀ ਹੋਂਦ ਅਤੇ ਹੱਕਾਂ ਦੀ ਬਹਾਲੀ ਲਈ ਸੰਤ ਸਮਾਜ ਤੇ ਬੁੱਧੀਜੀਵੀ ਇਕਜੁੱਟ ਹੋ ਕੇ ਵਿੱਢਣ ਵੱਡਾ ਸੰਘਰਸ਼ : ਸੰਤ ਸਤਵਿੰਦਰ ਹੀਰਾ

ਆਦਿ ਧਰਮ ਦੀ ਹੋਂਦ ਅਤੇ ਹੱਕਾਂ ਦੀ ਬਹਾਲੀ ਲਈ ਸੰਤ ਸਮਾਜ ਤੇ ਬੁੱਧੀਜੀਵੀ ਇਕਜੁੱਟ ਹੋ ਕੇ ਵਿੱਢਣ ਵੱਡਾ ਸੰਘਰਸ਼ : ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ, 19 ਜੁਲਾਈ ( ਤਰਸੇਮ ਦੀਵਾਨਾ ) –

ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਇੱਕ ਅਹਿਮ ਬਿਆਨ ਜਾਰੀ ਕਰਦਿਆਂ ਸਮੂਹ ਸੰਤ ਸਮਾਜ, ਸਮਾਜਿਕ ਆਗੂਆਂ ਅਤੇ ਪੜ੍ਹੇ-ਲਿਖੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਣ ਅਤੇ ਜਨਗਣਨਾ ਵਿੱਚ ‘ਆਦਿ ਧਰਮ’ ਦਾ ਖਾਨਾ ਮੁੜ ਸਥਾਪਿਤ ਕਰਵਾਉਣ ਲਈ ਇੱਕ ਬਹੁਤ ਵੱਡਾ ਅਤੇ ਇਤਿਹਾਸਕ ਸੰਘਰਸ਼ ਆਰੰਭ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਹਾਨ ਅਤੇ ਪਵਿੱਤਰ ਸੰਘਰਸ਼ ਦੀ ਅਗਵਾਈ ਪੰਜਾਬ ਦੇ ਸਤਿਕਾਰਯੋਗ ਸੰਤ ਸਮਾਜ ਨੂੰ ਅੱਗੇ ਹੋ ਕੇ ਕਰਨੀ ਚਾਹੀਦੀ ਹੈ।

ਸੰਤ ਸਤਵਿੰਦਰ ਹੀਰਾ ਜੀ ਨੇ ਅਤੀਤ ਦੇ ਪੰਨਿਆਂ ਨੂੰ ਫਰੋਲਦਿਆਂ ਕਿਹਾ ਕਿ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਭਾਰਤ ਦੇ ਬਹੁਗਿਣਤੀ ਲਤਾੜੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਪ੍ਰਾਪਤੀ ਅਤੇ ਸੁਰੱਖਿਆ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਇਨ੍ਹਾਂ ਰਹਿਬਰਾਂ ਦੇ ਅਣਥੱਕ ਸੰਘਰਸ਼ ਸਦਕਾ ਹੀ ਸਦੀਆਂ ਤੋਂ ਦੱਬੀ-ਕੁਚਲੀ ਕੌਮ ਨੂੰ ਸਮਾਨਤਾ ਨਾਲ ਜੀਵਨ ਜਿਉਣ ਦੇ ਹੱਕ ਮਿਲੇ ਅਤੇ ਸਾਡੀ ਗੌਰਵਮਈ ਪਹਿਚਾਣ ‘ਆਦਿ ਧਰਮ’ ਦਾ ਕਾਇਮ ਸਥਾਪਿਤ ਕਰਵਾਇਆ ਗਿਆ ਸੀ। ਉਨ੍ਹਾਂ ਯਾਦ ਕਰਵਾਇਆ ਕਿ ਸਾਲ 1931 ਦੀ ਮਰਦਮਸ਼ੁਮਾਰੀ (ਜਨਗਣਨਾ) ਸਮੇਂ ਇਹ ਖਾਨਾ ਸਰਕਾਰੀ ਤੌਰ ‘ਤੇ ਮੌਜੂਦ ਸੀ ਅਤੇ ਲੱਖਾਂ ਲੋਕਾਂ ਨੇ ਬੜੇ ਮਾਣ ਨਾਲ ਆਪਣਾ ਧਰਮ ‘ਆਦਿ ਧਰਮ’ ਲਿਖਵਾਇਆ ਸੀ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਅਤੇ ਸਾਜ਼ਿਸ਼ਾਂ ਕਾਰਨ ਇਸ ਮਹੱਤਵਪੂਰਨ ਖਾਨੇ ਨੂੰ ਹਟਾ ਦਿੱਤਾ ਗਿਆ, ਜਿਸ ਨੂੰ ਮੁੜ ਬਹਾਲ ਕਰਵਾਉਣਾ ਸਾਡਾ ਪਰਮ ਕਰਤੱਵ ਹੈ।

ਉਨ੍ਹਾਂ ਸਮੂਹ ਸੰਗਤਾਂ ਅਤੇ ਆਗੂਆਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡਾ ਸਭ ਦਾ ਅਸਲ ਧਰਮ ‘ਆਦਿ ਧਰਮ’ ਹੈ। ਇਸ ਲਈ ਆਉਣ ਵਾਲੀ ਜਨਗਣਨਾ ਵਿੱਚ ਹਰ ਇੱਕ ਨੂੰ ਆਪਣਾ ਧਰਮ ‘ਆਦਿ ਧਰਮ’ ਹੀ ਲਿਖਵਾਉਣਾ ਚਾਹੀਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸੰਤ ਹੀਰਾ ਜੀ ਨੇ ਸਮੂਹ ਸੰਤ ਸਮਾਜ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਪਸੀ ਵਿਚਾਰਾਂ ਦੇ ਮੱਤਭੇਦਾਂ ਨੂੰ ਪੂਰੀ ਤਰ੍ਹਾਂ ਭੁਲਾ ਕੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਤੇ ਸੰਘਰਸ਼ਮਈ ਬਾਣੀ ਵੱਲੋਂ ਦਰਸਾਏ ਗਏ ਏਕਤਾ, ਭਾਈਚਾਰਾ ਅਤੇ ਬਰਾਬਰਤਾ ਦੇ ਪੈਗਾਮ ਨੂੰ ਅਪਣਾਈਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਉਪਦੇਸ਼ਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ‘ਬੇਗਮਪੁਰਾ’ ਦੇ ਸਾਂਝੇ ਪਲੇਟਫਾਰਮ ‘ਤੇ ਇਕੱਠੇ ਹੋਣਾ ਪਵੇਗਾ ਤਾਂ ਜੋ ਇਸ ਸੰਘਰਸ਼ ਨੂੰ ਇੱਕ ਨਵੀਂ ਅਤੇ ਮਜ਼ਬੂਤ ਦਿਸ਼ਾ ਦਿੱਤੀ ਜਾ ਸਕੇ।

ਬਿਆਨ ਦੇ ਅਖੀਰ ਵਿੱਚ ਸੰਤ ਸਤਵਿੰਦਰ ਹੀਰਾ ਜੀ ਨੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀਆਂ (ਰਜਿ.) ਪੰਜਾਬ ਦੇ ਸਮੂਹ ਐਗਜ਼ੈਕਟਿਵ ਮੈਂਬਰਾਂ ਅਤੇ ਵੱਖ-ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਸਣੇ ਸਮਾਜ ਦੇ ਸਮੂਹ ਬੁੱਧੀਜੀਵੀ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਇਨ੍ਹਾਂ ਸਾਰੇ ਮਹਾਂਪੁਰਸ਼ਾਂ ਦਾ ਸਦਾ ਰਿਣੀ ਰਹੇਗਾ, ਜਿਨ੍ਹਾਂ ਨੇ ਆਦਿ ਪਰਮ ਗੁਰੂ ਸਾਹਿਬਾਨਾਂ ਅਤੇ ਰਹਿਬਰਾਂ ਵੱਲੋਂ ਚਲਾਏ ਗਏ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਦਿਆਂ ਇਸ ਦੇ ਨਾਅਰੇ ਨੂੰ ਹਮੇਸ਼ਾ ਬੁਲੰਦ ਰੱਖਿਆ ਹੈ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਨਿਰੰਤਰ ਯੋਗਦਾਨ ਪਾ ਰਹੇ ਹਨ।

Leave a Reply

Your email address will not be published. Required fields are marked *