ਲੁਧਿਆਣਾ/ਰੋਜਾਨਾ ਰਿਪੋਰਟਰ

ਪੰਜਾਬ ਭਰਿਸ਼ਟਾਚਾਰ ਮੁਕਤ ਨਹੀਂ ਹੋ ਪਾ ਰਿਹਾ ਦਿਨ ਚੜਦੇ ਹੀ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਭਰਿਸ਼ਟਾਚਾਰ ਦੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਸੋ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਧੋਲ ਖੁਰਦ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਲ ਹਲਕਾ ਧੌਲ ਖੁਰਦ, ਸਬ-ਰਜਿਸਟਰਾਰ ਦਫ਼ਤਰ ਮਲੌਦ (ਜ਼ਿਲ੍ਹਾ ਲੁਧਿਆਣਾ) ਵਿਖੇ ਤਾਇਨਾਤ ਪਟਵਾਰੀ ਗੁਰਜੀਤ ਸਿੰਘ ਨੂੰ 3,500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਧੌਲ ਖੁਰਦ (ਥਾਣਾ ਮਲੌਦ, ਜ਼ਿਲ੍ਹਾ ਲੁਧਿਆਣਾ) ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਮਾਪਿਆਂ ਦੀ 2016 ਵਿੱਚ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਦੇ ਨਾਂ ’ਤੇ ਪਿੰਡ ਧੌਲ ਖੁਰਦ ਵਿੱਚ 3 ਬਿਸਵੇ ਦਾ ਇੱਕ ਪਲਾਟ ਸੀ। ਇਸ ਪਲਾਟ ਦਾ ਵਿਰਾਸਤੀ ਇੰਤਕਾਲ ਸ਼ਿਕਾਇਤਕਰਤਾ ਅਤੇ ਉਸ ਦੇ ਛੇ ਭੈਣ-ਭਰਾਵਾਂ ਦੇ ਨਾਂ ਤਬਦੀਲ ਕੀਤਾ ਜਾਣਾ ਸੀ। ਸ਼ਿਕਾਇਤਕਰਤਾ ਨੇ ਲੋੜੀਂਦੇ ਦਸਤਾਵੇਜ਼ ਤਿਆਰ ਕਰਕੇ ਪਟਵਾਰੀ ਗੁਰਜੀਤ ਸਿੰਘ ਨੂੰ ਸੌਂਪ ਦਿੱਤੇ। ਮੁਲਜ਼ਮ ਪਟਵਾਰੀ ਨੇ ਦਸਤਾਵੇਜ਼ ਲੈ ਕੇ ਇੰਤਕਾਲ ਕਰਵਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰ ਬਾਅਦ ਵਿੱਚ ਇਹ ਸੌਦਾ 3,500 ਰੁਪਏ ਵਿੱਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਆਪਣੇ ਕੋਲ ਰਿਕਾਰਡ ਕਰ ਲਈ ਸੀ।ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 3,500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਲੁਧਿਆਣੇ ਤੋਂ ਸਾਹਮਣੇ ਆਏ ਹਨ।
