PROTEST:ਪਟਵਾਰੀ ਯੂਨੀਅਨ ਨੇ ਸੂਬਾ ਸਰਕਾਰ ਖਿਲਾਫ ਬਜਾਇਆ ਸੰਘਰਸ਼ ਦਾ ਬਿਗੁਲ

ਚੰਡੀਗੜ/ ਰੋਜ਼ਾਨਾਂ ਰਿਪੋਰਟਰ

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਅੱਜ ਸੂਬਾ ਕਮੇਟੀ ਸਮੇਤ ਇੱਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਅਤੇ ਆਪਣੇ ਰੌਂਅ ਤੋਂ ਜਾਣੂ ਕਰਾਉਂਦਿਆਂ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਬਾਰੇ ਦੱਸਿਆ। ਜਾਣਕਾਰੀ ਅਨੁਸਾਰ ਰੈਵੇਨਿਊ ਪਟਵਾਰ ਯੂਨੀਅਨ (ਪੰਜਾਬ) ਨੇ ਦੋ ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਨਾਲ ਚੱਲੇ ਸੰਵਾਦ ’ਚ ਕੋਈ ਨਤੀਜਾ ਸਾਹਮਣੇ ਨਾ ਆਉਣ ਮਗਰੋਂ ਆਖ਼ਰ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਯੂਨੀਅਨ ਦੇ ਆਗੂਆਂ ਵੱਲੋਂ ਦੋ ਸਾਲਾਂ ਦੌਰਾਨ ਕਈ ਮੰਤਰੀਆਂ ਤੇ ਮਾਲ ਮਹਿਕਮੇ ਦੇ ਉੱਚ ਅਫ਼ਸਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਵਾਅਦੇ ਪੂਰੇ ਨਹੀਂ ਕੀਤੇ ਗਏ। ਹੁਣ ਪਟਵਾਰ ਯੂਨੀਅਨ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢੇਗੀ। ਉਨ੍ਹਾਂ ਐਲਾਨ ਕੀਤਾ ਕਿ ਪਟਵਾਰ ਯੂਨੀਅਨ ਵੱਲੋਂ ਲੈਂਡ ਰਿਕਾਰਡ ਡਾਇਰੈਕਟਰ ਦਫ਼ਤਰ ਜਲੰਧਰ ਅੱਗੇ 10 ਜੁਲਾਈ ਨੂੰ ਸੰਕੇਤਕ ਰੋਸ ਧਰਨਾ ਦਿੱਤਾ ਜਾਵੇਗਾ। ਔਜਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਹਰ ਪਿੰਡ ਨੂੰ ਇੱਕ ਪੱਕਾ ਪਟਵਾਰੀ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗੱਲਬਾਤ ਜ਼ਰੀਏ ਪਟਵਾਰੀਆਂ ਦੇ ਲਟਕਦੇ ਮਸਲਿਆਂ ਦਾ ਹੱਲ ਕਰਨ। ਸੂਬਾ ਆਗੂ ਨੇ ਕਿਹਾ ਕਿ ਯੂਨੀਅਨ ਦੀਆਂ ਮੁੱਖ ਮੰਗਾਂ ’ਚ ਸਾਲ 2023 ਵਿਚ ਪਟਵਾਰੀਆਂ ਦੀਆਂ ਘਟਾਈਆਂ ਗਈਆਂ 1056 ਮਨਜ਼ੂਰਸ਼ੁਦਾ ਅਸਾਮੀਆਂ ਦੀ ਪੂਰਤੀ, ਸਟੇਟ ਕਾਡਰ ਨਾਲ ਪੈਦਾ ਹੋਏ ਕੋਰਟ ਕੇਸਾਂ ਕਾਰਨ ਲੰਬਿਤ ਪਈਆਂ ਪਟਵਾਰੀ ਤੋਂ ਕਾਨੂੰਗੋ ਦੀਆਂ ਪਦਉੱਨਤੀਆਂ, 17.7.2020 ਤੋਂ ਬਾਅਦ ਭਰਤੀ ਪਟਵਾਰੀਆਂ ਦੇ ਕੇਂਦਰੀ ਤਨਖ਼ਾਹ ਸਕੇਲ ਰੱਦ ਕਰਨਾ, ਮਹਿਕਮੇ ਵਿਚ ਲੜਕੀਆਂ ਦੀ ਗਿਣਤੀ ਵਧਣ ਕਾਰਨ ਪਟਵਾਰ ਭਵਨਾਂ ਵਿਚ ਬਾਥਰੂਮ ਵਰਗੀਆਂ ਮੁੱਢਲੀਆਂ ਸਹੂਲਤਾਂ, ਕੰਮ ਕਰਨ ਲਈ ਲੋੜੀਂਦੇ ਲੈਪਟਾਪ ਨਾ ਮਿਲਣਾ, ਨਵੀਂ ਭਰਤੀ ਨਾ ਹੋਣ ਕਾਰਨ ਕੰਮ ਦਾ ਵਾਧੂ ਬੋਝ ਆਦਿ ਮੁੱਖ ਸਨ। ਆਪਣੀਆਂ ਮੰਗਾਂ ਨੂੰ ਰੱਖਦੇ ਹੋਏ ਪਟਵਾਰ ਯੂਨੀਅਨ ਨੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *