ਬਿਊਰੋ

ਭੁਚਾਲ ਵਰਗੀ ਕੁਦਰਤੀ ਆਫਤਾਂ ਨੇ ਕਈ ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਬੀਤੇ ਦਿਨੀ ਆਏ ਦੋ ਜਾਨਲੇਵਾ ਭੂਚਾਲ ਦੇ ਝਟਕਿਆਂ ਕਾਰਨ ਉੱਤਰੀ ਵੈਨੇਜ਼ੁਏਲਾ ਚ ਬਹੁਤ ਤਬਾਹੀ ਮਚਾਈ ਹੋਈ ਹੈ ਜਾਣਕਾਰੀ ਦੇ ਅਨੁਸਾਰ ਵੈਨੇਜ਼ੁਏਲਾ ਵਿੱਚ ਬੁੱਧਵਾਰ ਨੂੰ ਆਏ ਦੋ ਜਾਨਲੇਵਾ ਭੂਚਾਲ ਦੇ ਝਟਕਿਆਂ ਕਾਰਨ ਉੱਤਰੀ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇੱਥੇ ਲੋਕ ਮਲਬੇ ਦੇ ਹੇਠਾਂ ਦੱਬੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਭਿਆਨਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਹੁਣ 920 ਤੱਕ ਪਹੁੰਚ ਗਈ ਹੈ, ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।
ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 920 ਹੋ ਗਈ ਹੈ। ਉਨ੍ਹਾਂ ਨੇ ਸਰਕਾਰੀ ਅਤੇ ਫ਼ੌਜੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੁਨੀਆ ਭਰ ਤੋਂ ਆਈਆਂ ਬਚਾਅ ਟੀਮਾਂ ਦਾ ਸਵਾਗਤ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ। ਰੌਡਰਿਗਜ਼ ਨੇ ਕਿਹਾ, “ਅਸੀਂ ਮਲਬੇ ਵਿੱਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਕੰਮ ਵਿੱਚ ਦਿਨ-ਰਾਤ ਜੁਟੇ ਹੋਏ ਹਾਂ।”ਕਾਰਜਕਾਰੀ ਰਾਸ਼ਟਰਪਤੀ ਨੇ ਕਿਹਾ ਕਿ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਭੂਚਾਲ ਨਾਲ ਲਾ ਗਵਾਇਰਾ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉੱਥੇ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਟੀਮਾਂ ਜਿਊਂਦੇ ਬਚੇ ਲੋਕਾਂ ਦੀ ਭਾਲ ਕਰਨ ਦੇ ਨਾਲ-ਨਾਲ ਭੋਜਨ ਤੇ ਪਾਣੀ ਵੀ ਵੰਡ ਰਹੀਆਂ ਹਨ। ਭੂਚਾਲ ਤੋਂ ਬਾਅਦ ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।ਕੌਮਾਂਤਰੀ ਪਰਵਾਸ ਸੰਗਠਨ (IOM) ਨੇ ਕਿਹਾ ਕਿ ਵੈਨੇਜ਼ੁਏਲਾ ਵਿੱਚ ਭੂਚਾਲ ਕਾਰਨ 67 ਲੱਖ ਲੋਕ ਪ੍ਰਭਾਵਿਤ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਲਗਪਗ 20 ਲੱਖ ਲੋਕ ਇਕੱਲੀ ਰਾਜਧਾਨੀ ਕਾਰਾਕਸ ਵਿੱਚ ਪ੍ਰਭਾਵਿਤ ਹੋਣਗੇ।ਜ਼ਖਮੀਆਂ ਨੂੰ ਮਿੱਟੀ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਲਬੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਬੱਚੇ ਅਤੇ ਜਾਨਵਰ ਵੀ ਸ਼ਾਮਲ ਸਨ। ਵੈਨੇਜ਼ੁਏਲਾ ਦੇ ਸਰਕਾਰੀ ਟੈਲੀਵਿਜ਼ਨ ਨੇ ਬਚਾਅ ਕਾਰਜਾਂ ਦੇ ਦਿਲ ਕੰਬਾਊ ਦ੍ਰਿਸ਼ ਪ੍ਰਸਾਰਿਤ ਕੀਤੇ। ਇਨ੍ਹਾਂ ਵਿੱਚ ਇੱਕ ਔਰਤ ਸੀਮੈਂਟ ਦੇ ਭਾਰੀ ਸਲੈਬ ਹੇਠਾਂ ਫਸੀ ਹੋਈ ਦਿਖਾਈ ਦਿੱਤੀ ਅਤੇ ਮਲਬੇ ਵਿੱਚੋਂ ਉਸਦੀ ਸਿਰਫ਼ ਇੱਕ ਲੱਤ ਹੀ ਦਿਖਾਈ ਦੇ ਰਹੀ ਸੀ, ਬਚਾਅ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਜਿਊਂਦੀ ਬਾਹਰ ਕੱਢ ਲਿਆ।
ਵੀਰਵਾਰ ਸਵੇਰੇ ਕਈ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇਮਾਰਤਾਂ ਖੰਡਰ ਬਣ ਚੁੱਕੀਆਂ ਸਨ,
ਖਿੜਕੀਆਂ ਵਿੱਚੋਂ ਫਰਨੀਚਰ ਬਾਹਰ ਲਟਕ ਰਿਹਾ ਸੀ ਅਤੇ ਹੈਲੀਕਾਪਟਰ ਉੱਪਰ ਮੰਡਰਾ ਰਹੇ ਸਨ। ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਸਨ ਅਤੇ ਸੜਕਾਂ ‘ਤੇ ਤਰੇੜਾਂ ਪੈ ਗਈਆਂ ਸਨ। ਲੋਕਾਂ ਨੇ ਲਾਪਤਾ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਹਨ, ਜਦੋਂ ਕਿ ਕੁਝ ਲੋਕਾਂ ਨੇ ਭਾਲ ਦੌਰਾਨ ਹੱਥਾਂ ਨਾਲ ਲਿਖੀਆਂ ਨਾਵਾਂ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਦੇਸ਼ ਵਿੱਚ ਫੋਨ ਸੇਵਾ ਠੱਪ ਹੋਣ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਵੈਨੇਜ਼ੁਏਲਾ ਦੇ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ।ਭੂਚਾਲ ਦੇ ਤੁਰੰਤ ਬਾਅਦ ਸੰਯੁਕਤ ਰਾਸ਼ਟਰ (UN) ਨੇ ਵੈਨੇਜ਼ੁਏਲਾ ਦੀ ਸਰਕਾਰ ਨੂੰ ਸੋਸ਼ਲ ਮੀਡੀਆ ‘ਤੇ ਲਗਾਈਆਂ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ, ਤਾਂ ਜੋ ਲੋਕਾਂ ਨੂੰ ਅਜਿਹੀ ਜਾਣਕਾਰੀ ਮਿਲ ਸਕੇ ਜੋ ਉਨ੍ਹਾਂ ਦੀ ਜਾਨ ਬਚਾ ਸਕੇ। ਇਸ ਦੇ ਕੁਝ ਹੀ ਸਮੇਂ ਬਾਅਦ, ਵੈਨੇਜ਼ੁਏਲਾ ਨੇ ‘ਐਕਸ’ ‘ਤੇ ਲੱਗੀ ਰੋਕ ਹਟਾ ਦਿੱਤੀ, ਜੋ ਅਗਸਤ 2024 ਤੋਂ ਬੈਨ ਸੀ।ਇਸ ਦੌਰਾਨ, ਕੌਮਾਂਤਰੀ ਮਦਦ ਵੈਨੇਜ਼ੁਏਲਾ ਪਹੁੰਚ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (OCHA) ਦੇ ਬੁਲਾਰੇ ਜੇਨਸ ਲਾਰਕੇ ਨੇ ਦੱਸਿਆ ਕਿ ਦੁਨੀਆ ਭਰ ਤੋਂ 25 ਖੋਜੀ ਅਤੇ ਬਚਾਅ ਟੀਮਾਂ ਸਮੇਤ ਲਗਪਗ 1,000 ਐਮਰਜੈਂਸੀ ਰਾਹਤ ਕਰਮੀ ਵੈਨੇਜ਼ੁਏਲਾ ਭੇਜੇ ਜਾ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤੁਰੰਤ ਇਸ ਲਾਤੀਨੀ ਅਮਰੀਕੀ ਦੇਸ਼ ਨੂੰ ਮਦਦ ਭੇਜ ਰਿਹਾ ਹੈ।
