ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਦੀਆਂ ਮਹਿਲਾਵਾਂ ਅਸੁਰੱਖਿਅਤ : ਨੀਤੀ ਤਲਵਾੜ
ਅੰਜੂ ਵਾਲਾ ਵਾਰਡ 23 , ਅੱਤੇ ਮੀਨਾ ਰਾਣੀ ਵਾਰਡ ਨੂੰ 21 ਦੀ ਵਾਰਡ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ 23 ਅਪ੍ਰੈਲ ( ਤਰਸੇਮ ਦੀਵਾਨਾ )
– ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਨੇਤਰੀ ਨੀਤੀ ਤਲਵਾੜ ਨੇ ਅੱਜ ਵਾਰਡ ਨੰਬਰ 21 ਵਿਖੇ ਮਹਿਲਾਵਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ‘ਬਦਲਾਅ’ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਇਸ ਸਰਕਾਰ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਚਿੰਤਾ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਧੱਕ ਦਿੱਤਾ ਹੈ।
ਨੀਤੀ ਤਲਵਾੜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਹਿੰਗਾਈ ਦੇ ਕਾਰਨ ਘਰੇਲੂ ਰਸੋਈ ਦਾ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਮਹਿਲਾਵਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ।
ਉਨ੍ਹਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ‘ਤੇ ਵੀ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਅਤੇ ਡਰ ਦਾ ਮਾਹੌਲ ਬਣ ਚੁੱਕਾ ਹੈ। “ਅੱਜ ਹਰ ਮਹਿਲਾ ਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਸਦਾ ਕਮਾਉਣ ਵਾਲਾ ਜੀਅ ਸੁਰੱਖਿਅਤ ਘਰ ਵਾਪਸ ਆਵੇਗਾ ਜਾਂ ਨਹੀਂ,”?
ਨਸ਼ਿਆਂ ਦੇ ਮੁੱਦੇ ‘ਤੇ ਬੋਲਦੇ ਹੋਏ ਤਲਵਾੜ ਨੇ ਕਿਹਾ ਕਿ ਸਰਕਾਰ ਨਸ਼ਾ ਰੋਕਣ ਵਿੱਚ ਨਾਕਾਮ ਰਹੀ ਹੈ ਅਤੇ ਇਸ ਕਾਰਨ ਮਾਵਾਂ ਆਪਣੇ ਨੌਜਵਾਨ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਂ ਅੱਜ ਆਪਣੇ ਪੁੱਤਰ ਦੀ ਸਲਾਮਤੀ ਲਈ ਅਰਦਾਸਾਂ ਕਰਨ ਲਈ ਮਜਬੂਰ ਹੈ।
ਅੰਤ ਵਿੱਚ, ਨੀਤੀ ਤਲਵਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਨੌਜਵਾਨੀ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਉਹ ਪਾਰਟੀ ਹੈ ਜੋ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੀ ਆਈ ਹੈ। ਇਸ ਮੌਕੇ ਅੰਜੂ ਵਾਲਾ ਨੂੰ ਵਾਰਡ 23 , ਅੱਤੇ ਮੀਨਾ ਰਾਣੀ ਨੂੰ ਵਾਰਡ ਨੂੰ 21 ਦੀ ਵਾਰਡ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਨਰਿੰਦਰ ਸਿੰਘ, ਸੰਜੀਵ ਥਾਪਰ, ਅਤੇ ਹੋਰ ਅਕਾਲੀ ਵਰਕਰ ਮੌਜੂਦ ਸਨ।
ਫੋਟੋ ਅਜਮੇਰ ਦੀਵਾਨਾ
