
ਪਟਿਆਲਾ, 20 ਅਪ੍ਰੈਲ 2026/ਰੋਜ਼ਾਨਾਂ ਰਿਪੋਰਟਰ
ਪਟਿਆਲਾ ਵਿੱਚ ਆਬਕਾਰੀ ਵਿਭਾਗ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ ਜਾਣਕਾਰੀ ਅਨੁਸਾਰ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਉਸ ਨੂੰ ਨਾਮੀ ਅਤੇ ਮਹਿੰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿੱਚ ਭਰ ਕੇ ਵੇਚਦਾ ਸੀ।ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਦੋ ਵਿਅਕਤੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਿਵਲ ਲਾਈਨਜ਼ ਵਿੱਚ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਚੰਡੀਗੜ੍ਹ ਦੀ ਸਸਤੀ ਸ਼ਰਾਬ ਨੂੰ ਬਲੈਕ ਲੇਬਲ ਸਕੌਚ, ਬਲੈਕ ਡੌਗ ਗੋਲਡ ਅਤੇ 100 ਪਾਈਪਰਜ਼ ਵਰਗੇ ਮਹਿੰਗੇ ਬ੍ਰਾਂਡਾਂ ਦੀਆਂ ਬੋਤਲਾਂ ਵਿੱਚ ਭਰ ਕੇ ਮਹਿੰਗੇ ਭਾਅ ‘ਤੇ ਸਪਲਾਈ ਕਰ ਰਹੇ ਹਨ।ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਲਹਿਲ ਖੇਤਰ ਵਿੱਚ ਛਾਪੇਮਾਰੀ ਕੀਤੀ। ਮੌਕੇ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਅਰਜੁਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਨਿਵਾਸੀ ਬਾਬਾ ਜੀਵਨ ਸਿੰਘ ਨਗਰ, ਪਾਸੀ ਰੋਡ ਅਤੇ ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਨਿਵਾਸੀ ਡੀ.ਐਮ.ਡਬਲਿਊ (DMW) ਪਟਿਆਲਾ ਵਜੋਂ ਹੋਈ ਹੈ।ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 34 ਬੋਤਲਾਂ। ਬਲੈਕ ਲੇਬਲ ਅਤੇ ਹੋਰ ਮਹਿੰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ। ਬੋਤਲਾਂ ਦੇ ਢੱਕਣਾਂ ਦੀਆਂ ਨਕਲੀ ਸੀਲਾਂ।ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਹ ਲੋਕ ਨਕਲੀ ਸ਼ਰਾਬ ਤਿਆਰ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਬਕਾਰੀ ਵਿਭਾਗ ਵੱਲੋਂ ਅਜਿਹੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਥਾਣਾ ਕੋਤਵਾਲੀ ਦੇ ਅਧੀਨ ਪੈਂਦੇ ਲਟੂਰਪੁਰਾ ਮੁਹੱਲੇ ਵਿੱਚ ਛਾਪੇਮਾਰੀ ਕਰਕੇ ਸ਼ਰਾਬ ਬਰਾਮਦ ਕੀਤੀ ਗਈ ਸੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੈਰ-ਕਾਨੂੰਨੀ ਕੰਮਾਂ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦੇਣ।
