ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਵੱਖ-ਵੱਖ ਠੇਕਿਆਂ ਦੀ ਨਿਲਾਮੀ 11 ਮਾਰਚ ਨੂੰ
ਜਲੰਧਰ, 5 ਮਾਰਚ/ ਸੁਨੀਲ ਕੁਮਾਰ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਬਣੀਆਂ 7 ਕੰਟੀਨਾਂ ਡੀ.ਏ.ਸੀ., ਸਾਈਕਲ ਸਟੈਂਡ, ਇੱਕ ਕੰਟੀਨ ਟਾਈਪ 1 ਸੇਵਾ ਕੇਂਦਰ (ਡੀ.ਏ.ਸੀ.) ਅਤੇ ਪੋਲੋਰਾਈਡ/ ਡਿਜੀਟਲ ਕੈਮਰੇ ਰਾਹੀਂ ਫੋਟੋ ਖਿੱਚਣ ਦੇ ਠੇਕਿਆਂ ਦੀ ਨਿਲਾਮੀ 11 ਮਾਰਚ 2026 ਨੂੰ ਸਵੇਰੇ 11 ਵਜੇ ਸਹਾਇਕ ਕਮਿਸ਼ਨਰ (ਜਨਰਲ) ਜਲੰਧਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਵੇਗੀ।
ਇਸ ਸਬੰਧੀ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿਚ ਸ਼ਾਮਿਲ ਹੋਣ ਲਈ ਆਪਣੀ ਦਰਖਾਸਤ ਅਤੇ ਸਕਿਓਰਿਟੀ ਰਕਮ ਦਾ ਬੈਂਕ ਡ੍ਰਾਫ਼ਟ, ਜੋ ਕਿ ਡੀ.ਸੀ.-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ ਜਲੰਧਰ ਦੇ ਪੱਖ ਵਿਚ ਹੋਵੇ, ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ, (ਨਜ਼ਾਰਤ ਸ਼ਾਖਾ) ਕਮਰਾ ਨੰ. 123, ਪਹਿਲੀ ਮੰਜ਼ਿਲ ਡੀ.ਏ.ਸੀ. ਵਿਖੇ ਬੋਲੀ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ। ਜੋ ਬਾਅਦ ਵਿਚ ਸਫ਼ਲ ਬੋਲੀਕਾਰ ਵਲੋਂ ਠੇਕੇ ਦੀ ਅੱਧੀ ਰਕਮ ਜਮ੍ਹਾ ਕਰਵਾਉਣ ਉਪਰੰਤ ਬਾਕੀ ਸਾਰਿਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੋਲੋਰਾਈਡ/ਡਿਜੀਟਲ ਫੋਟੋਗ੍ਰਾਫੀ ਦੇ ਠੇਕੇ ਦੀ ਰਾਖਵੀਂ ਬੋਲੀ 27,60,000 ਰੁਪਏ ਅਤੇ ਸਕਿਓਰਿਟੀ ਦੀ ਰਕਮ 1,00,000 ਰੁਪਏ ਰੱਖੀ ਗਈ ਹੈ। ਇਸੇ ਤਰ੍ਹਾਂ ਕੰਟੀਨ (ਡੀ.ਏ.ਸੀ.) ਦੇ ਠੇਕੇ ਦੀ ਰਾਖਵੀਂ ਬੋਲੀ 16,67,200 ਰੁਪਏ ਅਤੇ ਸਕਿਓਰਿਟੀ ਦੀ ਰਕਮ 1,00,000 ਰੁਪਏ, ਸਾਈਕਲ ਸਟੈਂਡ ਦੇ ਠੇਕੇ ਦੀ ਰਾਖਵੀਂ ਬੋਲੀ 33,85,091 ਰੁਪਏ ਅਤੇ ਸਕਿਓਰਿਟੀ ਦੀ ਰਕਮ 2,00,000 ਰੁਪਏ ਹੈ। ਇਸ ਤੋਂ ਇਲਾਵਾ ਕੰਟੀਨ (ਡੀ.ਏ.ਸੀ. ਵਿਖੇ ਟਾਈਪ 1 ਸੇਵਾ ਕੇਂਦਰ) ਦੇ ਠੇਕੇ ਦੀ ਰਾਖਵੀਂ ਬੋਲੀ 2,40,000 ਰੁਪਏ ਅਤੇ ਸਕਿਓਰਿਟੀ ਦੀ ਰਕਮ 50,000 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਬੋਲੀ ਦੀ ਦਰਖਾਸਤ ਦੇਣ ਵਾਲੇ ਨੂੰ ਉਕਤ ਬੋਲੀ ਵਿਚ ਹਾਜ਼ਰ ਹੋ ਕੇ ਬੋਲੀ ਦੇਣਾ ਲਾਜ਼ਮੀ ਹੋਵੇਗਾ, ਬੋਲੀ ਨਾ ਦੇਣ ਦੀ ਸੂਰਤ ਵਿਚ ਸਕਿਓਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਕੰਟੀਨ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ ਅਤੇ ਜੇਕਰ ਅਧਿਕਾਰੀਆਂ ਵੱਲੋਂ ਕੋਈ ਅਚਨਚੇਤ ਮੀਟਿੰਗ ਸ਼ਨੀਵਾਰ ਜਾਂ ਐਤਵਾਰ ਅਤੇ ਜਾਂ ਕਿਸੇ ਸਰਕਾਰੀ ਛੁੱਟੀ ਵਾਲੇ ਦਿਨ ਰੱਖੀ ਜਾਂਦੀ ਹੈ ਤਾਂ ਕੰਟੀਨ ਖੋਲ੍ਹਣ ਲਈ ਪਾਬੰਦ ਰਹੇਗਾ।
ਸਫ਼ਲ ਬੋਲੀਕਾਰ ਨੂੰ ਠੇਕੇ ਦੀ ਬਣਦੀ ਕੁੱਲ ਰਕਮ ਦਾ ½ ਹਿੱਸਾ ਬੋਲੀ ਵਾਲੇ ਦਿਨ ਤੋਂ 2 ਦਿਨ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣਾ ਹੋਵੇਗਾ ਅਤੇ ਬਾਕੀ ਬਚਦੀ ½ ਰਕਮ 6 ਮਹੀਨਾਵਾਰ ਕਿਸ਼ਤਾਂ ਵਿਚ ਜਮ੍ਹਾ ਕਰਵਾਉਣੀ ਹੋਵੇਗੀ। ਸਫ਼ਲ ਬੋਲੀਕਾਰ ਆਪਣੀ ਸੁਵਿਧਾ ਮੁਤਾਬਿਕ ਯਕ-ਮੁਸ਼ਤ ਰਕਮ ਐਡਵਾਂਸ ਦੇ ਰੂਪ ਵਿਚ ਜਮ੍ਹਾ ਕਰਵਾ ਸਕਦਾ ਹੈ।
ਠੇਕੇ ਦੀ ਮਿਆਦ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਹੋਵੇਗੀ ਅਤੇ 31 ਮਾਰਚ 2027 ਸ਼ਾਮ 5 ਵਜੇ ਤੋਂ ਬਾਅਦ ਠੇਕੇਦਾਰ ਨੂੰ ਆਪਣਾ ਸਾਮਾਨ ਡੀ.ਏ.ਸੀ. ਵਿਚ ਰੱਖਣ ਦਾ ਕੋਈ ਅਖਤਿਆਰ ਨਹੀਂ ਹੋਵੇਗਾ।
ਬਾਕੀ ਦੀਆਂ ਸ਼ਰਤਾਂ ਮੌਕੇ ’ਤੇ ਹੀ ਪੜ੍ਹ ਕੇ ਸੁਣਾਈਆਂ ਜਾਣਗੀਆਂ, ਜੋ ਕਿ ਸਬੰਧਤ ਬੋਲੀ ਦੇਣ ਵਾਲੇ ਨੂੰ ਮੰਨਣੀਆਂ ਪੈਣਗੀਆਂ। ਸ਼ਰਤਾਂ ਵਿਚ ਵਾਧਾ/ਸੋਧ ਕਰਨ ਦਾ ਅਧਿਕਾਰ ਚੇਅਰਮੈਨ ਪਾਸ ਹੋਵੇਗਾ।
