ਚੱਬੇਵਾਲ ਪੁਲਿਸ ਨੇ 24 ਘੰਟਿਆਂ ਵਿੱਚ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਚੱਬੇਵਾਲ ਪੁਲਿਸ ਨੇ 24 ਘੰਟਿਆਂ ਵਿੱਚ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

*99 ਸਾਲਾ ਬਜ਼ੁਰਗ ਮਹਿਲਾ ਦੇ ਕਤਲ ਦੀ ਗੁੱਥੀ ਸੁਲਝੀ*

 

ਹੁਸ਼ਿਆਰਪੁਰ / ਚੱਬੇਵਾਲ 21 ਫਰਵਰੀ ( ਤਰਸੇਮ ਦੀਵਾਨਾ ) – ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਵਿੱਚ ਇੱਕ 99 ਸਾਲਾ ਬਜ਼ੁਰਗ ਔਰਤ ਜੋਗਿੰਦਰ ਕੌਰ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਨੂੰ ਥਾਣਾ ਚੱਬੇਵਾਲ ਦੀ ਪੁਲਿਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਥਿਤ ਦੋਸ਼ੀ ਕੋਲੋਂ ਚੋਰੀ ਕੀਤੀ ਨਕਦੀ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਐਸ ਪੀ ਡੀ ਹੁਸ਼ਿਆਰਪੁਰ ਨੇ ਦੱਸਿਆ ਕਿ ਬੀਤੇ ਦਿਨੀ ਐਸ.ਐਚ.ਓ. ਚੱਬੇਵਾਲ ਮਨਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭਾਮ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਜਦੋਂ ਪੁਲਿਸ ਟੀਮਾਂ ਅਤੇ ਡੀ.ਐਸ.ਪੀ. ਪਲਵਿੰਦਰ ਸਿੰਘ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਜੋਗਿੰਦਰ ਕੌਰ ਦੀ ਲਾਸ਼ ਘਰ ਵਿੱਚ ਪਈ ਇੱਕ ਲੋਹੇ ਦੀ ਪੇਟੀ ਵਿੱਚ ਲੁਕਾਈ ਹੋਈ ਸੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦਾ ਲੜਕਾ ਸੁਖਦੇਵ ਸਿੰਘ ਆਸਟ੍ਰੇਲੀਆ ਰਹਿੰਦਾ ਹੈ। ਉਸ ਨੇ ਆਪਣੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਮੋਬਾਈਲ ‘ਤੇ ਚੈੱਕ ਕੀਤੀ ਅਤੇ ਗੁਆਂਢੀ ਸੁਰਜੀਤ ਕੌਰ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਨੇ ਮਨੁੱਖੀ ਸੂਝ-ਬੂਝ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਛਾਪੇਮਾਰੀ ਕਰਕੇ ਉਸੇ ਪਿੰਡ ਦੇ ਰਹਿਣ ਵਾਲੇ ਡੈਨੀਅਲ ਪੁੱਤਰ ਸੁਰਿੰਦਰਪਾਲ ਸਿੰਘ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਦੀ ਮੁਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਥਿਤ ਤੌਰ ‘ਤੇ ਕਬੂਲਿਆ ਕਿ ਉਹ ਚੋਰੀ ਦੀ ਨੀਅਤ ਨਾਲ ਜੋਗਿੰਦਰ ਕੌਰ ਦੇ ਘਰ ਅੰਦਰ ਦਾਖਲ ਹੋਇਆ ਸੀ। ਜਦੋਂ ਜੋਗਿੰਦਰ ਕੌਰ ਨੇ ਉਸ ਨੂੰ ਪਛਾਣ ਲਿਆ, ਤਾਂ ਆਪਣਾ ਗੁਨਾਹ ਛੁਪਾਉਣ ਲਈ ਦੋਸ਼ੀ ਵੱਲੋਂ ਕਥਿਤ ਤੌਰ ‘ਤੇ ਬਜ਼ੁਰਗ ਮਹਿਲਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਲੋਹੇ ਦੀ ਪੇਟੀ ਵਿੱਚ ਲੁਕਾ ਦਿੱਤਾ ਗਿਆ। ਪੁਲਿਸ ਨੇ ਕਥਿਤ ਤੌਰ ‘ਤੇ ਦੋਸ਼ੀ ਕੋਲੋਂ ਮ੍ਰਿਤਕ ਦੀ 90,000 ਰੁਪਏ ਨਕਦੀ ਅਤੇ ਇੱਕ ਐਪਲ ਆਈਫੋਨ ਬਰਾਮਦ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਥਾਣਾ ਚੱਬੇਵਾਲ ਵਿਖੇ ਵੱਖ ਵੱਖ ਧਾਰਾਵਾਂ ਤਹਿਤ 103 ਅਤੇ 331(3) (ਅਪਰਾਧ ਕਰਨ ਦੇ ਇਰਾਦੇ ਨਾਲ ਘਰ ਵਿੱਚ ਜ਼ਬਰਦਸਤੀ ਦਾਖਲ ਹੋਣਾ ਜਾਂ ਘਰ ਦੀ ਕੰਧ ਤੋੜਨਾ) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *