ਪਿੰਡ ਚਾਂਗ ਬਸੋਆ ਦੇ ਲੋਕਾਂ ਨੇ ਥਾਣਾ ਗੜਦੀਵਾਲਾ ਦੀ ਪੁਲਿਸ ਦੇ ਬਰਖਿਲਾਫ ਜਾਮ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ !
*ਮਸਲਾ ਪਿੰਡ ਵਿੱਚ ਬਣੀ ਗੁਰੂ ਰਵਿਦਾਸ ਧਰਮਸ਼ਾਲਾ ਦਾ*

ਹੁਸ਼ਿਆਰਪੁਰ /ਗੜ੍ਹਦੀਵਾਲਾ, 17 ਨਵੰਬਰ (ਤਰਸੇਮ ਦੀਵਾਨਾ ) – ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਨਜਦੀਕ ਪੈਂਦੇ ਪਿੰਡ ਚਾਂਗ ਬਸੋਆ ਦੇ ਗੁਰੂ ਰਵਿਦਾਸ ਧਰਮਸ਼ਾਲਾ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੇ ਵਿਰੋਧ ਵਿਚ ਅੱਜ ਟਾਂਡਾ ਰੋਡ ਗੜ੍ਹਦੀਵਾਲਾ ਵਿਖੇ ਪਿੰਡ ਵਾਸੀਆਂ ਦੇ ਹੱਕ ਵਿੱਚ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਗੂਆਂ ਤੇ ਸਮਰਥਕਾਂ ਵੱਲੋਂ ਹਲਕਾ ਪ੍ਰਧਾਨ ਡਾ. ਜਸਪਾਲ ਸਿੰਘ ਦੀ ਅਗਵਾਈ ਵਿੱਚ ਬਾਬਾ ਧਰਮਦਾਸ ਦੇ ਸਥਾਨ ਤੇ ਇਕੱਠੇ ਹੋਕੇ ਰੋਸ਼ ਮਾਰਚ ਕੱਢਕੇ ਰੋਡ ਜਾਮ ਕਰਕੇ ਧਰਨਾ ਲਗਾਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪਹੁੰਚੇ ,ਦਲਵਿੰਦਰ ਸਿੰਘ ਬੋਦਲ, ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਧਰਮਸ਼ਾਲਾ ਚਾਂਗ ਬਸੋਆ ਦਾ ਮਾਮਲਾ ਪਿਛਲੇ 6 ਮਹੀਨਿਆਂ ਤੋਂ ਚਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਿੰਡ ਦੀ ਪੰਚਾਇਤ ਤੋਂ ਪਹਿਲਾਂ ਪਿੰਡ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਪੰਚਾਇਤਾਂ ਆਈਆਂ ਉਹਨਾਂ ਨੇ ਨਾ ਕੋਈ ਵਿਤਕਰਾ ਕੀਤਾ ਤੇ ਨਾ ਕੋਈ ਜਾਤੀਵਾਦੀ ਮੁੱਦਾ ਬਣਾਇਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਧਰਮਸ਼ਾਲਾ ਦੇ ਨਾਮ ਤੇ ਪਹਿਲਾਂ ਗਰਾਂਟ ਵੀ ਆ ਚੱਕੀ ਹੈ। ਜਿਸ ਨਾਲ ਇਸ ਧਰਮਸ਼ਾਲਾ ਦੀ ਇਮਾਰਤ ਬਣਾਈ ਗਈ ਸੀ। ਜਿੱਥੇ ਪਿੰਡ ਵਾਸੀ ਗੁਰੂ ਸਹਿਬਾਨਾਂ ਦੇ ਗੁਰਪੁਰਬ ਮਨਾਉਂਦੇ ਆਏ ਹਨ । ਉਨ੍ਹਾਂ ਕਿਹਾ ਕਿ ਪਿੰਡ ਦਾ ਸਰਪੰਚ ਰਾਜਨੀਤਿਕ ਦਖ਼ਲ ਨਾਲ ਐੱਸ.ਸੀ ਭਾਈਚਾਰੇ ਨਾਲ ਧੱਕਾ ਕਰ ਰਿਹਾ ਹੈ ਅਤੇ ਪਰਸ਼ਾਸ਼ਨ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ।ਉਨ੍ਹਾਂ ਦੱਸਿਆ ਕਿ ਇਸ ਧਰਮਸ਼ਾਲਾ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਅਤੇ ਅੰਦਰ ਪਿਆ ਸਾਰਾ ਸਮਾਨ ਜ਼ਬਰਦਸਤੀ ਬਾਹਰ ਸੁੱਟ ਦਿੱਤਾ । ਉਨ੍ਹਾ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਦੀ ਬੇਅਦਬੀ ਹੋਈ ਹੈ। ਉਨ੍ਹਾ ਦੱਸਿਆ ਕਿ ਪ੍ਰਸ਼ਾਸਨ ਸ਼ਰੇਆਮ ਵਿਰੋਧੀਆਂ ਦੀ ਮਦਦ ਕਰ ਰਿਹਾ ਸੀ, ਇਸ ਸਬੰਧੀ ਕੋਰਟ ਵੱਲੋਂ ਸਟੇ ਆਰਡਰ ਜਾਰੀ ਕਰਨ ਤੋਂ ਬਾਅਦ ਚਰਦੁਆਰੀ ਕਰਕੇ ਬਾਹਰ ਗੇਟ ਲਗਾ ਕੇ ਵਿਰੋਧੀ ਧੜ੍ਹੇ ਨੇ ਕੋਰਟ ਦੀ ਉਲੰਘਣਾ ਕੀਤੀ ਹੈ। ਜਿਸ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਗਾਉਣਾ ਪਿਆ।
ਜਿਸਤੋਂ ਬਾਅਦ ਮੌਕੇ ਤੇ ਪਹੁੰਚੇ ਟਾਂਡਾ ਦੇ ਡੀ.ਐਸ.ਪੀ ਦਵਿੰਦਰ ਸਿੰਘ ਬਾਜਵਾ ,ਇੰਸਪੈਕਟਰ ਗੁਰਿੰਦਰ ਸਿੰਘ ਨਾਗਰਾਂ ਐਸ.ਐਚ.ਓ ਟਾਂਡਾ, ਸਬ-ਇੰਸਪੈਕਟਰ ਪਰਵਿੰਦਰ ਸਿੰਘ ਐਸ.ਐਚ.ਓ ਗੜ੍ਹਦੀਵਾਲਾ ਨੇ 10 ਦਿਨਾਂ ਦਾ ਸਮਾਂ ਲੈਕੇ ਵਾਅਦਾ ਕੀਤਾ ਕਿ ਦੂਜੀ ਧਿਰ ਨਾਲ ਗੱਲ ਕਰਕੇ ਮਸਲਾ ਨਿਪਟਾਉਣ ਦਾ ਯਤਨ ਕੀਤਾ ਜਾਵੇਗਾ।
ਫੋਟੋ ਅਜਮੇਰ ਦੀਵਾਨਾ
