ਮਲੇਸ਼ੀਆ ਵਿੱਚ ਇੱਕ ਗੈਸ ਪੈਪ ਲਾਈਨ ਵਿੱਚ ਹੋਇਆ ਵੱਡਾ ਧਮਾਕਾ, ਲੱਗੀ ਅੱਗ ਵਿੱਚ ਕਈ ਲੋਕ ਝੁਲਸੇ

ਕੁਆਲਾਲੰਪੁਰ(ਬਿਊਰੋ) ਬੀਤੇ ਦਿਨੀ ਦੱਖਣੀ ਏਸ਼ੀਆਈ ਦੇਸ਼ਾਂ ਜਿਵੇਂ ਕਿ ਮਿਆਂਮਾਰ ਅਤੇ ਥਾਈਲੈਂਡ ਵਿੱਚ ਭੂਚਾਲ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ, ਹੁਣ ਮੰਗਲਵਾਰ ਨੂੰ ਮਲੇਸ਼ੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਕੁਆਲਾਲੰਪੁਰ ਦੇ ਬਾਹਰਵਾਰ ਇੱਕ ਗੈਸ ਪਾਈਪਲਾਈਨ ਵਿੱਚ ਧਮਾਕੇ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਘੱਟੋ-ਘੱਟ 145 ਲੋਕ ਸੜ ਗਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਅੱਗ ਦੀਆਂ ਲਪਟਾਂ 20 ਮੰਜ਼ਿਲਾ ਇਮਾਰਤ ਤੱਕ ਪਹੁੰਚ ਗਈਆਂ। ਇਸ ਦੇ ਨਾਲ ਹੀ, ਰਿਹਾਇਸ਼ੀ ਖੇਤਰ ਦੇ ਨੇੜੇ ਖਾਲੀ ਥਾਂ ਵਿੱਚ ਇੱਕ ਵੱਡਾ ਟੋਆ ਬਣ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਗੈਸ ਪਾਈਪਲਾਈਨ ਫਟਣ ਕਾਰਨ ਉਨ੍ਹਾਂ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਹੋਏ ਅਤੇ ਲੋਕਾਂ ਦੇ ਘਰ ਵੀ ਹਿੱਲਣ ਲੱਗੇ।ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਵਿਭਾਗ ਨੇ ਕਿਹਾ ਹੈ ਕਿ ਭਿਆਨਕ ਅੱਗ ਕਾਰਨ ਕਈ ਘਰਾਂ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੋਂ 290 ਮੀਟਰ ਦੇ ਅੰਦਰ ਘਰਾਂ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਪੀੜਤਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਅਤੇ ਪੈਟ੍ਰੋਨਾਸ ਅੱਗ ਨਾਲ ਪ੍ਰਭਾਵਿਤ ਘਰਾਂ ਦੀ ਮੁਰੰਮਤ ਕਰਨਗੇ, ਹਾਲਾਂਕਿ ਇਸ ਵਿੱਚ ਕਈ ਮਹੀਨੇ ਲੱਗ ਸਕਦੇ ਹਨ।
ਦੇਸ਼ ਦੀ ਰਾਸ਼ਟਰੀ ਤੇਲ ਕੰਪਨੀ ਪੈਟ੍ਰੋਨਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਕੁਆਲਾਲੰਪੁਰ ਦੇ ਬਾਹਰ ਉਸਦੀ ਇੱਕ ਗੈਸ ਪਾਈਪਲਾਈਨ ਦੇ ਫਟਣ ਕਾਰਨ ਵਾਪਰਿਆ। ਮਲੇਸ਼ੀਆ ਦੇ ਅੰਗਰੇਜ਼ੀ ਅਖ਼ਬਾਰ ‘ਨਿਊ ਸਟ੍ਰੇਟਸ ਟਾਈਮਜ਼ ਡੇਲੀ’ ਨੇ ਸਿਹਤ ਮੰਤਰੀ ਜ਼ੁਲਕੇਫਲੀ ਅਹਿਮਦ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 145 ਲੋਕ ਸੜ ਗਏ। ਉਨ੍ਹਾਂ ਕਿਹਾ ਕਿ 67 ਗੰਭੀਰ ਜ਼ਖਮੀਆਂ ਦਾ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
