ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਵਫਦ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ

* ਸਿਵਲ ਹਸਪਤਾਲ ‘ਚ ਹੋ ਰਹੀਆਂ ਬੇਨਿਯਮੀਆਂ ਅਤੇ ਘਪਲਿਆਂ ਦੀ ਹੋਈ ਚਰਚਾ
ਹੁਸ਼ਿਆਰਪੁਰ 21 ਜੂਨ ( ਤਰਸੇਮ ਦੀਵਾਨਾ )
ਸਿਵਿਲ ਹਸਪਤਾਲ ਹੁਸ਼ਿਆਰਪੁਰ ਵਿੱਚ ਉੱਚ ਪ੍ਰਬੰਧਕੀ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਅਮਲੇ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ, ਬੇਕਾਇਦਗੀਆਂ ਅਤੇ ਭ੍ਰਿਸ਼ਟਾਚਾਰ ਦੀਆਂ ਚਰਚਾਵਾਂ ਨੂੰ ਲੈ ਕੇ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਵਫਦ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਉਨਾਂ ਦੀ ਹੁਸ਼ਿਆਰਪੁਰ ਆਮਦ ਮੌਕੇ ਮੁਲਾਕਾਤ ਕੀਤੀ | ਇਸ ਮੌਕੇ ਰਿਪੋਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਸਾਲ ਨਵੰਬਰ 2022 ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਪੱਤਰਕਾਰਾਂ ਅਤੇ ਐਸਐਮਓ ਦਰਮਿਆਨ ਵਾਪਰੀ ਬਹੁਚਰਚਿਤ ਘਟਨਾ ਬਾਰੇ ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਤੱਤਕਾਲੀ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਮੁਖ ਸਕੱਤਰ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਪੰਜਾਬ ਨੂੰ ਲਿਖੇ ਹੋਏ ਸ਼ਿਕਾਇਤ ਪੱਤਰਾਂ ਦੀਆਂ ਕਾਪੀਆਂ ਦਸਤਾਵੇਜੀ ਸਬੂਤਾਂ ਸਮੇਤ ਸੌਂਪੀਆਂ ਅਤੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਦੀ ਮੰਗ ਕੀਤੀ | ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਦੱਸਿਆ ਕਿ ਸਾਲ 2022 ਵਿੱਚ ਪੱਤਰਕਾਰਾਂ ਅਤੇ ਸਬੰਧਤ ਐਸਐਮਓ ਦਰਮਿਆਨ ਵਾਪਰੀ ਮਾਮੂਲੀ ਘਟਨਾ ਨੂੰ ਗਲਤ ਰੰਗਤ ਦੇ ਕੇ ਐਸਐਮਓ ਡਾਕਟਰ ਦੀ ਸ਼ਹਿ ਤੇ ਹੜਤਾਲ ਕਰਕੇ ਲਗਾਤਾਰ ਤਿੰਨ ਦਿਨ ਓਪੀਡੀ ਬੰਦ ਕੀਤੀ ਗਈ ਸੀ ਜਿਸ ਦੌਰਾਨ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਸੰਬੰਧਿਤ ਅਥਾਰਟੀ ਦੀਆਂ ਹਦਾਇਤਾਂ ਤੇ ਹੁਕਮਾਂ ਦੀ ਘੋਰ ਉਲੰਘਣਾ ਕਰਕੇ ਪੁਲਿਸ ਪ੍ਰਸ਼ਾਸਨ ਤੇ ਵੀ ਬੇਲੋੜਾ ਦਬਾਅ ਪਾਇਆ ਗਿਆ ਸੀ। ਇਸ ਤੋਂ ਇਲਾਵਾ ਸਿਹਤ ਮੰਤਰੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਘਪਲਿਆਂ ਬਾਰੇ ਐਸੋਸੀਏਸ਼ਨ ਨੂੰ ਪ੍ਰਾਪਤ ਹੋਈ ਸ਼ਿਕਾਇਤ ਵੀ ਸੌਂਪੀ ਗਈ | ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਐਸੋਸੀਏਸ਼ਨ ਦੇ ਵਫਦ ਨੂੰ ਭਰੋਸਾ ਦਵਾਇਆ ਕਿ ਇਹਨਾਂ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਜਰੂਰ ਕੀਤੀ ਜਾਵੇਗੀ। ਇਸ ਵਫਦ ਵਿੱਚ ਹੋਰਨਾ ਤੋਂ ਇਲਾਵਾ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਨੀਤੂ ਬਾਲਾ ਸ਼ਰਮਾ ਪ੍ਰਧਾਨ ਗੜ੍ਹਸ਼ੰਕਰ ,ਕੁਲਦੀਪ ਸੈਣੀ, ਪੰਕਜ ਕੁਮਾਰ, ਵਿਕਾਸ ਸੂਦ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਓਮ ਪ੍ਰਕਾਸ਼ ਰਾਣਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ |

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਆਫ਼ ਇੰਡੀਆ ਵੱਲੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਸ਼ਿਕਾਇਤ ਪੱਤਰ ਸੌਪਣ ਉਪਰੰਤ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਸੂਬਾ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ।
ਫੋਟੋ : ਅਜਮੇਰ ਦੀਵਾਨਾ
