ਐੱਸ.ਡੀ.ਐੱਮ. ਫਗਵਾੜਾ ਵੱਲੋਂ ਪਿੰਡ ਬੋਹਾਨੀ ਅਤੇ ਪਲਾਹੀ ਵਿਖੇ ਪਰਾਲੀ ਪ੍ਰਬੰਧਨ ਕਾਰਜਾਂ ਦਾ ਜਾਇਜ਼ਾ

ਐੱਸ.ਡੀ.ਐੱਮ. ਫਗਵਾੜਾ ਵੱਲੋਂ ਪਿੰਡ ਬੋਹਾਨੀ ਅਤੇ ਪਲਾਹੀ ਵਿਖੇ ਪਰਾਲੀ ਪ੍ਰਬੰਧਨ ਕਾਰਜਾਂ ਦਾ ਜਾਇਜ਼ਾ

ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਟਿਕਾਊ ਤਰੀਕੇ ਅਪਣਾਉਣ ਅਤੇ ਪਰਾਲੀ ਨਾ ਸਾੜਨ ਦੀ ਅਪੀਲ

ਫਗਵਾੜਾ, 19 ਅਕਤੂਬਰ: ਸੁਨੀਲ ਕੁਮਾਰ

ਐਸ.ਡੀ.ਐਮ. ਡਾ. ਨਵਜੋਤ ਸ਼ਰਮਾ ਨੇ ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ ਦੇ ਨਾਲ ਫਗਵਾੜਾ ਸਬ-ਡਿਵੀਜ਼ਨ ਦੇ ਪਿੰਡ ਬੋਹਾਨੀ ਅਤੇ ਪਲਾਹੀ ਦਾ ਦੌਰਾ ਕਰਕੇ ਪਰਾਲੀ ਦੇ ਇਨ-ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸਮੀਖਿਆ ਕੀਤੀ।

ਦੌਰੇ ਦੌਰਾਨ ਐੱਸ.ਡੀ.ਐੱਮ. ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਇਸ ਦੇ ਸੁਚੱਜੇ ਪ੍ਰਬੰਧਨ ਲਈ ਵਾਤਾਵਰਣ ਪੱਖੀ ਤਰੀਕੇ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਇਸ ਵਾਤਾਵਰਣਕ ਚੁਣੌਤੀ ਨਾਲ ਨਜਿੱਠਣ ਲਈ ਕਿਸਾਨਾਂ ਦਾ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਬੇਹੱਦ ਜ਼ਰੂਰੀ ਹੈ।

ਡਾ. ਨਵਜੋਤ ਸ਼ਰਮਾ ਨੇ ਪਰਾਲੀ ਦੇ ਇਨ-ਸੀਟੂ ਪ੍ਰਬੰਧਨ ਤਹਿਤ ਖੇਤੀਬਾੜੀ ਮਸ਼ੀਨਰੀ ਦੀ ਮਦਦ ਨਾਲ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਅਤੇ ਐਕਸ-ਸੀਟੂ ਪ੍ਰਬੰਧਨ ਤਹਿਤ ਪਰਾਲੀ ਇਕੱਠੀ ਕਰਕੇ ਹੋਰ ਲਾਭਦਾਇਕ ਕੰਮਾਂ ਲਈ ਵਰਤਣ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨੂੰ ਉਪਲਬਧ ਖੇਤੀਬਾੜੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਪਰਾਲੀ ਸਾੜਨ ਦੇ ਬਦਲਵੇਂ ਤਰੀਕਿਆਂ ਬਾਰੇ ਖੇਤੀਬਾੜੀ ਵਿਭਾਗ ਤੋਂ ਮਾਰਗਦਰਸ਼ਨ ਲੈਣ ਦੀ ਅਪੀਲ ਕੀਤੀ। ਉਨ੍ਹਾਂ ਪਰਾਲੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਕਿਸਾਨਾਂ, ਖੇਤੀਬਾੜੀ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਐੱਸ.ਡੀ.ਐੱਮ. ਨੇ ਕਿਹਾ ਕਿ ਪ੍ਰਸ਼ਾਸਨ ਜਾਗਰੂਕਤਾ, ਆਪਸੀ ਤਾਲਮੇਲ ਅਤੇ ਖੇਤਰੀ ਪੱਧਰ ’ਤੇ ਨਿਯਮਤ ਨਿਗਰਾਨੀ ਰਾਹੀਂ ਟਿਕਾਊ ਖੇਤੀਬਾੜੀ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਦੇ ਵਡੇਰੇ ਹਿੱਤ ਵਿੱਚ ਇਨ੍ਹਾਂ ਯਤਨਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *