ਜਲੰਧਰ : ਸੁਨੀਲ ਕੁਮਾਰ

ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਵੱਲੋਂ ‘ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਟੀ.ਬੀ. ਦੇ ਖਾਤਮੇ ਲਈ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੀਆਂ 91 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ 91 ਟੀ.ਬੀ. ਮੁਕਤ ਪੰਚਾਇਤਾਂ ਨੂੰ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਵੀ ਮੌਜੂਦ ਸਨ।
ਅੱਜ ਸਨਮਾਨਿਤ ਹੋਏ 91 ਪਿੰਡਾਂ ਵਿੱਚੋਂ ਇਕ ਪਿੰਡ ਗੋਲਡ, 19 ਸਿਲਵਰ ਅਤੇ 71 ਪਿੰਡ ਬ੍ਰੌਂਜ਼ ਕੈਟਾਗਰੀ ਵਿੱਚ ਸ਼ਾਮਲ ਹਨ। ਬਲਾਕ ਕਾਲਾ ਬੱਕਰਾ ਅਧੀਨ ਆਉਂਦੇ ਪਿੰਡ ‘ਜੱਫਲ ਝੀਂਗੜ’ ਨੂੰ ਸਾਲ 2023, 2024 ਅਤੇ 2025 ਦੌਰਾਨ ਲਗਾਤਾਰ ਤਿੰਨ ਸਾਲ ਟੀ.ਬੀ. ਮੁਕਤ ਰਹਿਣ ’ਤੇ ਗੋਲਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਦਕਿ 19 ਪਿੰਡਾਂ ਨੂੰ ਲਗਾਤਾਰ ਦੋ ਸਾਲ ਟੀ.ਬੀ. ਮੁਕਤ ਰਹਿਣ ’ਤੇ ਸਿਲਵਰ ਅਤੇ ਪਹਿਲੇ ਸਾਲ ਟੀਬੀ ਮੁਕਤ ਹੋਣ ਦਾ ਟੀਚਾ ਹਾਸਲ ਕਰਨ ’ਤੇ 71 ਪਿੰਡਾਂ ਨੂੰ ਬ੍ਰੌਂਜ਼ ਸਰਟੀਫਿਕੇਟ ਦਿੱਤੇ ਗਏ।
ਸਮਾਗਮ ਦੌਰਾਨ ਜ਼ਿਲ੍ਹੇ ਦੇ ਸਾਰੇ 9 ਬਲਾਕਾਂ ਵਿੱਚ ਜੋਸ਼ (ਜੁਆਇੰਟ ਸਕੁਐਡ ਫੋਰ ਹੈਲਥ) ਟੀਮਾਂ ਨੂੰ ਵੀ ਰਸਮੀ ਤੌਰ ‘ਤੇ ਰਵਾਨਾ ਕੀਤਾ ਗਿਆ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ, ਇਸ ਦੇ ਫੈਲਾਅ ਅਤੇ ਰੋਕਥਾਮ ਬਾਰੇ ਵਿਸ਼ੇਸ਼ ਤੌਰ ‘ਤੇ ਜਾਗਰੂਕ ਕਰਨਗੀਆਂ ਤਾਂ ਜੋ ਕੋਈ ਵੀ ਮਰੀਜ਼ ਇਲਾਜ ਤੋਂ ਵਾਂਝਾ ਨਾ ਰਹੇ।
