ਸੀਸੀਏ ਪੰਜਾਬ ਟੈਲੀਕਾਮ ਸਰਕਲ ਚੰਡੀਗੜ੍ਹ ਵੱਲੋਂ ਪਠਾਨਕੋਟ ਵਿਖੇ ਤਿਮਾਹੀ ਪੈਨਸ਼ਨ ਅਦਾਲਤ, ਭਲਾਈ ਕੈਂਪ ਅਤੇ ਲਾਈਫ ਸਰਟੀਫਿਕੇਟ ਕਲੈਕਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ
PIB Chandigarh/ Rozana Reporter

ਸੰਚਾਰ ਮੰਤਰਾਲਾ, ਦੂਰਸੰਚਾਰ ਵਿਭਾਗ ਦੇ ਅਧੀਨ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (ਸੀਸੀਏ), ਪੰਜਾਬ ਟੈਲੀਕਾਮ ਸਰਕਲ, ਚੰਡੀਗੜ੍ਹ ਦੇ ਦਫ਼ਤਰ ਵੱਲੋਂ ਦੂਰਸੰਚਾਰ ਵਿਭਾਗ ਅਤੇ ਬੀਐੱਸਐੱਨਐੱਲ ਦੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਲਈ ਪੈਨਸ਼ਨ ਅਦਾਲਤ, ਭਲਾਈ ਕੈਂਪ ਅਤੇ ਲਾਈਫ ਸਰਟੀਫਿਕੇਟ ਕਲੈਕਸ਼ਨ ਕੈਂਪ ਦਾ ਆਯੋਜਨ ਕਾਨਫਰੰਸ ਹਾਲ, ਬੀਐੱਸਐੱਨਐੱਲ ਪਠਾਨਕੋਟ ਵਿਖੇ ਕੀਤਾ ਗਿਆ।
ਇਹ ਪ੍ਰੋਗਰਾਮ ਸ਼੍ਰੀ ਵਿਜੇਂਦਰ ਐੱਨ. ਟੰਡਨ, ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਟੈਲੀਕਾਮ ਸਰਕਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਨੇੜੇ ਪੈਨਸ਼ਨ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਵੱਖ-ਵੱਖ ਪੈਨਸ਼ਨਰ ਭਲਾਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਸੀ।
ਪੈਨਸ਼ਨ ਦੀ ਮਨਜ਼ੂਰੀ ਅਤੇ ਪੈਨਸ਼ਨ ਵੰਡ ਨਾਲ ਸਬੰਧਤ ਅਧਿਕਾਰੀ ਵੀ ਪ੍ਰੋਗਰਾਮ ਦੌਰਾਨ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਵਾਲਾਂ ਦਾ ਨਿਪਟਾਰਾ ਕਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ।
ਪੈਨਸ਼ਨ ਅਦਾਲਤ ਦੌਰਾਨ ਸ਼੍ਰੀਮਤੀ ਬਬੀਤਾ ਗੁਪਤਾ, ਸੀਨੀਅਰ ਅਕਾਊਂਟਸ ਅਫਸਰ ਨੇ ਸ਼੍ਰੀ ਅਕਸ਼ੈ ਗੁਪਤਾ, ਡਿਪਟੀ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਨੂੰ ਜਾਣੂ ਕਰਵਾਇਆ ਕਿ ਦਫ਼ਤਰ ਨੂੰ ਪੈਨਸ਼ਨ ਨਾਲ ਸਬੰਧਤ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਦੋਵਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਪੈਨਸ਼ਨਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਲਈ ਯਤਨ ਕੀਤੇ ਗਏ।
ਆਪਣੇ ਸੰਬੋਧਨ ਵਿੱਚ ਡਿਪਟੀ ਸੀਸੀਏ ਪੰਜਾਬ ਨੇ ਕਿਹਾ ਕਿ ਇਹ ਦਫ਼ਤਰ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਕੁਸ਼ਲ ਅਤੇ ਸਮੇਂ ਸਿਰ ਵਿਭਾਗੀ ਪੈਨਸ਼ਨ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੀ ਸਹੂਲਤ ਅਤੇ ਭਲਾਈ ਲਈ ਦਫ਼ਤਰ ਵੱਲੋਂ ਲਗਾਤਾਰ ਭਲਾਈ-ਕੇਂਦਰਿਤ ਪਹਿਲਕਦਮੀਆਂ ਅਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਕੈਂਪ ਦੌਰਾਨ ਵੱਖ-ਵੱਖ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਪੈਨਸ਼ਨਰ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਸਨ, ਪੈਨਸ਼ਨਰ ਪਛਾਣ ਪੱਤਰ ਲਈ ਅਰਜ਼ੀ ਦੇ ਸਕਦੇ ਸਨ ਅਤੇ ਆਪਣੇ ਪੈਨਸ਼ਨ ਰਿਕਾਰਡ ਵਿੱਚ ਮੋਬਾਈਲ ਨੰਬਰ, ਪਤਾ ਅਤੇ ਹੋਰ ਵੇਰਵਿਆਂ ਨੂੰ ਅਪਡੇਟ ਕਰਵਾਉਣ ਲਈ ਬੇਨਤੀਆਂ ਜਮ੍ਹਾਂ ਕਰਵਾ ਸਕਦੇ ਸਨ। ਪੈਨਸ਼ਨਰਾਂ ਨੂੰ ਪੈਨਸ਼ਨ ਸੇਵਾਵਾਂ ਵਿੱਚ ਹੋਰ ਸੁਧਾਰ ਲਈ ਆਪਣੇ ਕੀਮਤੀ ਸੁਝਾਅ ਅਤੇ ਫੀਡਬੈਕ ਸਾਂਝੇ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੇ ਲਾਭ ਅਤੇ ਭਲਾਈ ਲਈ ਭਾਰਤ ਸਰਕਾਰ ਦੇ ਡਿਜੀਲਾਕਰ ਬਾਰੇ ਜਾਗਰੂਕਤਾ ਵੀਡੀਓ, ਉਮੰਗ (UMANG) ਐਪਲੀਕੇਸ਼ਨ ਬਾਰੇ ਜਾਗਰੂਕਤਾ ਵੀਡੀਓ, ਸਾਈਬਰ ਜਾਗਰੂਕਤਾ ਅਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਬਾਰੇ ਲੈਕਚਰ, ਵਿੱਤੀ ਯੋਜਨਾਬੰਦੀ ਅਤੇ ਟੈਕਸ ਸਬੰਧੀ ਮਾਰਗਦਰਸ਼ਨ ਬਾਰੇ ਲੈਕਚਰ, ਪੈਨਸ਼ਨਰਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ, ਮੈਡੀਕਲ ਮਾਹਿਰਾਂ ਵੱਲੋਂ ਸਿਹਤ ਸਬੰਧੀ ਗੱਲਬਾਤ, ਪੈਨਸ਼ਨਰਾਂ ਲਈ ਯੋਗਾ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਗੱਲਬਾਤ, ਲਾਈਫ ਸਰਟੀਫਿਕੇਟਾਂ ਦਾ ਸੰਗ੍ਰਹਿ, ਕੇਵਾਈਪੀ ਫ਼ਰਾਮ ਅਤੇ ਪਛਾਣ ਪੱਤਰ ਅਰਜ਼ੀਆਂ ਦਾ ਸੰਗ੍ਰਹਿ, “ਏਕ ਪੇੜ ਮਾਂ ਕੇ ਨਾਮ” ਮੁਹਿੰਮ ਤਹਿਤ ਪੌਦਿਆਂ ਦੀ ਵੰਡ, ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨਾਲ ਇੰਟਰੈਕਟਿਵ ਸੈਸ਼ਨ ਆਯੋਜਤ ਕੀਤੇ ਗਏ।
ਕੈਂਪ ਦੀ ਮੁੱਖ ਵਿਸ਼ੇਸ਼ਤਾ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨਾਲ ਆਯੋਜਿਤ ਇੰਟਰੈਕਟਿਵ ਸੈਸ਼ਨ ਰਿਹਾ, ਜਿਸ ਦੌਰਾਨ ਉਨ੍ਹਾਂ ਨੂੰ ਪੈਨਸ਼ਨ ਨਾਲ ਸਬੰਧਤ ਆਪਣੇ ਮਸਲਿਆਂ, ਸ਼ਿਕਾਇਤਾਂ ਅਤੇ ਸੁਝਾਵਾਂ ਬਾਰੇ ਸੀਸੀਏ ਦਫ਼ਤਰ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ।
ਪੈਨਸ਼ਨ ਅਦਾਲਤ-ਕਮ-ਭਲਾਈ ਕੈਂਪ ਦੀ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਭਾਗੀਦਾਰਾਂ ਨੇ ਸੀਸੀਏ ਪੰਜਾਬ ਦੀ ਅਗਵਾਈ ਅਤੇ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ ਅਤੇ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਪਹੁੰਚਯੋਗ, ਕੁਸ਼ਲ ਅਤੇ ਪੈਨਸ਼ਨਰ-ਅਨੁਕੂਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸੀਸੀਏ ਪੰਜਾਬ ਸਰਕਲ ਦੇ ਦਫ਼ਤਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਪ੍ਰਸ਼ੰਸਾ ਕੀਤੀ।
