ਬਟਾਲਾ ਵਿੱਚ ਲੈਵਲ-3 ਆਫਸਾਈਟ ਮੌਕ ਡ੍ਰਿੱਲ ਸਫਲਤਾਪੂਰਵਕ ਕਰਵਾਈ
ਗੈਸ ਪਾਈਪਲਾਈਨ ਨੂੰ ਨੁਕਸਾਨ ਕਾਰਨ ਅੱਗ ਲੱਗਣ ਦੀ ਸਥਿਤੀ ਦਾ ਕੀਤਾ ਗਿਆ ਮੌਕ ਅਭਿਆਸ, ਕਰੀਬ 30 ਮਿੰਟਾਂ ਵਿੱਚ ਸਥਿਤੀ ’ਤੇ ਪਾਇਆ ਕਾਬੂ

ਬਟਾਲਾ, 8 ਅਕਤੂਬਰ (ਰੋਜ਼ਾਨਾਂ ਰਿਪੋਰਟਰ)
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਬਟਾਲਾ ਵੱਲੋਂ ਗੁਜਰਾਤ ਐਨਰਜੀ ਲਿਮਟਿਡ (GEL) ਦੇ ਸਹਿਯੋਗ ਨਾਲ ਅੱਜ ਮਦਨ ਫਿੱਲਿੰਗ ਸਟੇਸ਼ਨ, ਬਟਾਲਾ ਵਿਖੇ ਲੈਵਲ-3 ਆਫਸਾਈਟ ਮੌਕ ਡ੍ਰਿੱਲ ਕਰਵਾਈ ਗਈ। ਇਸ ਮੌਕ ਅਭਿਆਸ ਦੌਰਾਨ ਗੁਜਰਾਤ ਐਨਰਜੀ ਲਿਮਟਿਡ ਦੀ ਹਾਈ ਪ੍ਰੈਸ਼ਰ ਸਟੀਲ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਅੱਗ ਲੱਗਣ ਦੀ ਸਥਿਤੀ ਨੂੰ ਦਰਸਾਇਆ ਗਿਆ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਕੀਤਾ ਗਿਆ।
ਮੌਕ ਡ੍ਰਿੱਲ ਦੌਰਾਨ ਐਮਰਜੈਂਸੀ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਮੁੱਚੀ ਕਾਰਵਾਈ ਦੀ ਨਿਗਰਾਨੀ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੀ ਅਗਵਾਈ ਤਹਿਸੀਲਦਾਰ ਬਟਾਲਾ ਅਰਜੁਨ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਗੁਜਰਾਤ ਐਨਰਜੀ ਲਿਮਟਿਡ ਵੱਲੋਂ ਚੰਦਰਕਾਂਤ ਵਾਲਾ, ਜੀਏ ਹੈੱਡ ਹੁਸ਼ਿਆਰਪੁਰ ਤੇ ਗੁਰਦਾਸਪੁਰ, ਕੌਸ਼ਲੇਂਦਰ ਸਿੰਘ ਟੈਕਨੀਕਲ ਮੈਨੇਜਰ, ਅਭਿਜੀਤ ਰਾਣਾ ਇੰਜੀਨੀਅਰ ਅਤੇ ਮਹਿਕਦੀਪ ਸਿੰਘ ਇੰਜੀਨੀਅਰ ਸਮੇਤ ਕੰਪਨੀ ਦੀ ਟੀਮ ਮੌਜੂਦ ਰਹੀ।
ਗੁਜਰਾਤ ਐਨਰਜੀ ਲਿਮਟਿਡ ਵੱਲੋਂ ਚੰਦਰਕਾਂਤ ਵਾਲਾ, ਜੀਏ ਹੈੱਡ ਹੁਸ਼ਿਆਰਪੁਰ ਤੇ ਗੁਰਦਾਸਪੁਰ ਨੇ ਦੱਸਿਆ ਕਿ ਅਭਿਆਸ ਦੌਰਾਨ ਗੁਜਰਾਤ ਐਨਰਜੀ ਲਿਮਟਿਡ ਵੱਲੋਂ ਐਮਰਜੈਂਸੀ ਸਾਇਰਨ ਚਾਲੂ ਕੀਤਾ ਗਿਆ ਅਤੇ ਕੰਪਨੀ ਦੇ ਅੰਦਰੂਨੀ ਐਮਰਜੈਂਸੀ ਪ੍ਰੋਟੋਕੋਲ ਨੂੰ ਲਾਗੂ ਕੀਤਾ ਗਿਆ। ਗੈਸ ਦੇ ਵਹਾਅ ਨੂੰ ਰੋਕਣ ਲਈ ਅੱਪਸਟਰੀਮ ਅਤੇ ਡਾਊਨਸਟਰੀਮ ਵਾਲਵ ਬੰਦ ਕੀਤੇ ਗਏ। ਇਸ ਤੋਂ ਬਾਅਦ ਗੈਸ ਦੀ ਮੌਜੂਦਗੀ ਦੀ ਜਾਂਚ ਲਈ ਗੈਸ ਮਾਨੀਟਰਿੰਗ ਕੀਤੀ ਗਈ ਅਤੇ ਖੇਤਰ ਨੂੰ ਸੁਰੱਖਿਅਤ ਐਲਾਨਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਗਿਆ ਕਿ ਉੱਥੇ ਗੈਸ ਦੀ ਕੋਈ ਮੌਜੂਦਗੀ ਨਾ ਹੋਵੇ।
ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਤੁਰੰਤ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਗਿਆ ਅਤੇ ਮੁੱਖ ਸੜਕ ’ਤੇ ਆਵਾਜਾਈ ਨੂੰ ਨਿਯਮਤ ਕੀਤਾ ਗਿਆ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਘਟਨਾ ਸਥਾਨ ਤੋਂ ਸੁਰੱਖਿਅਤ ਦੂਰੀ ’ਤੇ ਰੱਖਿਆ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਕੀਤਾ ਜਾ ਸਕੇ।
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸਿਮਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਂਬੂਲੈਂਸ ਤੁਰੰਤ ਮੌਕੇ ’ਤੇ ਭੇਜੀ ਗਈ। ਮੌਕ ਡ੍ਰਿੱਲ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਉਣ ਦੀ ਕਾਰਵਾਈ ਵੀ ਕੀਤੀ ਗਈ।
ਫਾਇਰ ਵਿਭਾਗ ਵੱਲੋਂ ਐੱਸਐੱਫਓ ਨੀਰਜ ਕੁਮਾਰ ਦੀ ਅਗਵਾਈ ਹੇਠ ਫਾਇਰ ਟੈਂਡਰ ਤੁਰੰਤ ਘਟਨਾ ਸਥਾਨ ’ਤੇ ਪਹੁੰਚਾਏ ਗਏ। ਗੈਸ ਦੀ ਸਪਲਾਈ ਨੂੰ ਸੁਰੱਖਿਅਤ ਢੰਗ ਨਾਲ ਅਲੱਗ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਨੇ ਅੱਗ ਬੁਝਾਉਣ ਦੀ ਕਾਰਵਾਈ ਕੀਤੀ। ਅਭਿਆਸ ਦੌਰਾਨ ਕਰੀਬ 30 ਮਿੰਟਾਂ ਦੇ ਅੰਦਰ ਸਥਿਤੀ ਨੂੰ ਕਾਬੂ ਹੇਠ ਲਿਆਉਣ ਦਾ ਅਭਿਆਸ ਸਫਲਤਾਪੂਰਵਕ ਪੂਰਾ ਕੀਤਾ ਗਿਆ।
ਇਸ ਮੌਕ ਡ੍ਰਿੱਲ ਨੇ ਵੱਖ-ਵੱਖ ਵਿਭਾਗਾਂ ਵਿਚਕਾਰ ਐਮਰਜੈਂਸੀ ਸਥਿਤੀ ਵਿੱਚ ਤਾਲਮੇਲ, ਤੁਰੰਤ ਜਵਾਬ ਅਤੇ ਬਚਾਅ ਕਾਰਜਾਂ ਦੀ ਤਿਆਰੀ ਨੂੰ ਪਰਖਣ ਦਾ ਮੌਕਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਅਭਿਆਸਾਂ ਦਾ ਮੁੱਖ ਉਦੇਸ਼ ਕਿਸੇ ਵੀ ਵੱਡੀ ਉਦਯੋਗਿਕ ਜਾਂ ਗੈਸ ਸਬੰਧੀ ਐਮਰਜੈਂਸੀ ਦੀ ਸਥਿਤੀ ਵਿੱਚ ਵਿਭਾਗਾਂ ਵੱਲੋਂ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣਾ ਹੈ।
24 ਘੰਟੇ ਐਮਰਜੈਂਸੀ ਰਿਸਪਾਂਸ ਟੀਮ ਤਾਇਨਾਤ ਗੁਜਰਾਤ ਐਨਰਜੀ ਲਿਮਟਿਡ ਦੇ ਜੀਏ ਹੈੱਡ ਹੌਸ਼ਿਆਰਪੁਰ ਤੇ ਗੁਰਦਾਸਪੁਰ ਚੰਦਰਕਾਂਤ ਵਾਲਾ ਅਤੇ ਟੈਕਨੀਕਲ ਮੈਨੇਜਰ ਕੌਸ਼ਲੇਂਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਬਟਾਲਾ ਵਿੱਚ 24 ਘੰਟੇ ਐਮਰਜੈਂਸੀ ਰਿਸਪਾਂਸ ਟੀਮ ਤਾਇਨਾਤ ਕੀਤੀ ਗਈ ਹੈ, ਜੋ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸੜਕ, ਗਲੀ ਜਾਂ ਕਿਸੇ ਸੁਸਾਇਟੀ ਵਿੱਚ ਖੁਦਾਈ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਜਰਾਤ ਐਨਰਜੀ ਲਿਮਟਿਡ ਨੂੰ ਅਗਾਊਂ ਸੂਚਨਾ ਦੇਣੀ ਬਹੁਤ ਜ਼ਰੂਰੀ ਹੈ। ਇਸ ਦਾ ਮਕਸਦ ਗੈਸ ਦੀ ਪਾਈਪਲਾਈਨ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣਾ ਅਤੇ ਸੰਭਾਵਿਤ ਗੈਸ ਲੀਕੇਜ ਜਾਂ ਅੱਗ ਦੀ ਘਟਨਾ ਨੂੰ ਰੋਕਣਾ ਹੈ।
ਉਨ੍ਹਾਂ ਆਮ ਲੋਕਾਂ ਅਤੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਦੇ 24×7 ਐਮਰਜੈਂਸੀ ਨੰਬਰ 63599-99023 ’ਤੇ ਸੂਚਨਾ ਦਿੱਤੀ ਜਾਵੇ।
ਇਸ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ, ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਗੁਜਰਾਤ ਐਨਰਜੀ ਲਿਮਟਿਡ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਕੰਮ ਕੀਤਾ।
ਇਸ ਤੋਂ ਇਲਾਵਾ ਪੰਜਾਬ ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੀ ਮੌਕ ਡ੍ਰਿੱਲ ਵਿੱਚ ਭਾਗ ਲਿਆ। ਸਮੁੱਚੀ ਕਾਰਵਾਈ ਦੌਰਾਨ ਵਿਭਾਗਾਂ ਵਿਚਕਾਰ ਤਾਲਮੇਲ ਨਾਲ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ।
