ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਦੀ ਜਵਾਬਦੇਹੀ ਹੋਵੇ ਤੈਅ ਸ਼ਹਿਰ ਦੀ ਵਿਗੜੀ ਟਰੈਫਿਕ ਵਿਵਸਥਾ ਲਈ ਟਰੈਫਿਕ ਇੰਚਾਰਜ ਜ਼ਿੰਮੇਵਾਰ : ਬੇਗਮਪੁਰਾ ਟਾਈਗਰ ਫੋਰਸ 

ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਦੀ ਜਵਾਬਦੇਹੀ ਹੋਵੇ ਤੈਅ ਸ਼ਹਿਰ ਦੀ ਵਿਗੜੀ ਟਰੈਫਿਕ ਵਿਵਸਥਾ ਲਈ ਟਰੈਫਿਕ ਇੰਚਾਰਜ ਜ਼ਿੰਮੇਵਾਰ : ਬੇਗਮਪੁਰਾ ਟਾਈਗਰ ਫੋਰਸ 

ਟਰੈਫਿਕ ਸਮੱਸਿਆ ਦਾ ਇੱਕੋ ਇੱਕ ਹੱਲ ਮਿੰਨੀ ਬੱਸਾਂ ਨੂੰ ਬਾਈਪਾਸ ਰਾਹੀਂ ਕੱਢਿਆ ਜਾਵੇ : ਬੀਰਪਾਲ ਠਰੋਲੀ, ਹੈਪੀ ਫ਼ਤਿਹਗੜ੍ਹ, ਬੰਟੀ ਹਰਿਆਣਾ 

 

ਹੁਸ਼ਿਆਰਪੁਰ, 7 ਅਕਤੂਬਰ( ਤਰਸੇਮ ਦੀਵਾਨਾ )

– ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ, ਜਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਬਲਾਕ ਪ੍ਰਧਾਨ ਬੰਟੀ ਹਰਿਆਣਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਬਾਜ਼ਾਰਾਂ ਅਤੇ ਮੁੱਖ ਸੜਕਾਂ ‘ਤੇ ਟਰੈਫਿਕ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਅੰਦਰੂਨੀ ਹਾਲਾਤ ਬਹੁਤ ਜ਼ਿਆਦਾ ਬਦ ਤੋ ਬਦਤਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਬਾਜ਼ਾਰਾਂ ਦੀਆਂ ਲਗਭਗ ਸਾਰੀਆਂ ਸੜਕਾਂ ‘ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਅਤੇ ਲੋਕਾਂ ਵੱਲੋਂ ਕੀਤੀ ਜਾਂਦੀ ਗਲਤ ਪਾਰਕਿੰਗ ਨੇ ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਦੀ ਟਰੈਫਿਕ ਵਿਵਸਥਾ ਤਬਾਹ ਹੋਣ ਦੇ ਪ੍ਰਮੁੱਖ ਕਾਰਨ ਹਨ ਉਹਨਾਂ ਕਿਹਾ ਕਿ ਪ੍ਰਭਾਤ ਚੌਂਕ ਤੋਂ ਸਰਕਾਰੀ ਕਾਲਜ ਚੌਂਕ, ਸੈਸ਼ਨ ਚੌਂਕ ਅਤੇ ਪੁਰਾਣੀ ਕਚਹਿਰੀ ਚੌਂਕ ਤੱਕ ਮਿੰਨੀ ਬੱਸਾਂ ‘ਜੂੰਅ ਦੀ ਤੋਰ’ ਚੱਲਦੀਆਂ ਹਨ। ਬੱਸ ਚਾਲਕ ਆਪਣੀ ਮਿੰਨੀ ਬੱਸਾਂ ਥਾਂ-ਥਾਂ ਆਪਣੀ ਮਰਜ਼ੀ ਨਾਲ ਰੋਕ ਕੇ ਅਤੇ ਇੱਕ-ਇੱਕ ਸਵਾਰੀ ਲਈ ਕਿਤੇ ਵੀ ਅਚਾਨਕ ਬ੍ਰੇਕਾਂ ਲਗਾ ਕੇ ਪਿੱਛੇ ਆ ਰਹੀ ਆਵਾਜਾਈ ਵਿੱਚ ਵਿਘਨ ਪਾਉਂਦੀਆਂ ਹਨ। ਇਸ ਤੋਂ ਇਲਾਵਾ ਬੱਸ ਡਰਾਈਵਰਾਂ ਵੱਲੋਂ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਭਾਰੀ ਭੀੜ-ਭੜੱਕੇ ਵਿੱਚ ਵੀ ਬੱਸ ਡਰਾਈਵਰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨਾਂ ਵਿੱਚ ਰੁੱਝੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਭਾਰੀ ਵਾਹਨਾਂ ਦੀ ਓਵਰਲੋਡਿੰਗ ਹੋ ਰਹੀ ਹੈ। ਈ-ਰਿਕਸ਼ਿਆਂ ਦੀ ਭਰਮਾਰ ਹੈ ਅਤੇ ਚਾਲਕ ਲਾਪਰਵਾਹੀ ਨਾਲ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਰਹਿੰਦੇ ਹਨ। ਖ਼ਾਲੀ ਰਿਕਸ਼ੇ ਭਰੇ ਬਾਜ਼ਾਰਾਂ ਵਿੱਚੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਚਲਾਏ ਜਾਂਦੇ ਹਨ, ਜਿਸ ਨਾਲ ਈ-ਰਿਕਸ਼ਾ ਚਾਲਕਾਂ ਨੂੰ ਵੀ ਕੰਮ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਟਰੈਫਿਕ ਪੁਲਿਸ ਦੀ ਭਾਰੀ ਲਾਪਰਵਾਹੀ ਅਤੇ ਅਣਗਿਹਲੀ ਸਾਹਮਣੇ ਆ ਰਹੀ ਹੈ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਟਰੈਫਿਕ ਨਿਯਮਾਂ ਦੀ ਭਾਰੀ ਉਲੰਘਣਾ ਹੋਣ ਪਿੱਛੇ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਮਿੰਨੀ ਬੱਸ ਚਾਲਕਾਂ ਜਾਂ ਰਾਤ ਬਰਾਤੇ ਅਤੇ ਕਈ ਵਾਰ ਦਿਨ ਦਿਹਾੜੇ ਨਜਾਇਜ਼ ਚਲਦੇ ਟਿੱਪਰ ਚਾਲਕਾਂ ਵੱਲੋਂ ਵੱਡੀ ਰਕਮ ਦਾ ਗੁਪਤ ਅਦਾਨ ਪ੍ਰਦਾਨ ਵੀ ਕੀਤਾ ਜਾ ਰਿਹਾ ਹੈ ਇਸੇ ਕਾਰਨ ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਦੇ ਸਿਰ ਤੇ ਜੂੰਅ ਤੱਕ ਨਹੀਂ ਸਰਕਦੀ ਜੇਕਰ ਇਹ ਸੱਚ ਨਾ ਵੀ ਹੋਵੇ ਤਾਂ ਵੀ ਇਸ ਸਮੱਸਿਆ ਨੂੰ ਵਿਕਰਾਲ ਬਣਾਉਣ ਵਿੱਚ ਟਰੈਫਿਕ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਵਿੱਚ ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ । ਇਸ ਲਈ ਆਮ ਸ਼ਹਿਰੀ ਲੋਕਾਂ ਵੱਲੋਂ ਅਕਸਰ ਇਹ ਮੰਗ ਕੀਤੀ ਜਾਂਦੀ ਹੈ ਕਿ ਇਸ ਲਾਪਰਵਾਹੀ ਲਈ ਟਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ ਅਤੇ ਸਮੁੱਚੀ ਟਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਆਵਾਜਾਈ ਨੂੰ ਸੁਧਾਰਿਆ ਜਾ ਸਕੇ। ਆਗੂਆਂ ਨੇ ਪ੍ਰਸ਼ਾਸਨ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਮਿੰਨੀ ਬੱਸਾਂ ਨੂੰ ਸ਼ਹਿਰ ਦੇ ਬਾਹਰਵਾਰ ਬਾਈਪਾਸ ਤੋਂ ਲੈ ਕੇ ਜਾਣ ਦੇ ਸਖ਼ਤ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਮਿੰਨੀ ਬੱਸਾਂ ਸ਼ਹਿਰ ਦੇ ਭੀੜ ਭੜੱਕੇ ਤੋਂ ਬਾਹਰੋਂ ਬਾਹਰ ਕੱਢੀਆਂ ਜਾਣ ਤਾਂ ਜੋ ਟਰੈਫਿਕ ਜਾਮ ਤੋਂ ਨਿਜਾਤ ਮਿਲ ਸਕੇ ਅਤੇ ਈ-ਰਿਕਸ਼ਾ ਚਾਲਕਾਂ ਨੂੰ ਵੀ ਸ਼ਹਿਰ ਦੇ ਅੰਦਰ-ਅੰਦਰ ਰੁਜ਼ਗਾਰ ਤੇ ਕੰਮ ਮਿਲ ਸਕੇ। ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਨੇ ਪ੍ਰਸ਼ਾਸਨ ਨੂੰ ਗੰਭੀਰ ਸਥਿਤੀ ‘ਤੇ ਤੁਰੰਤ ਕਾਬੂ ਪਾਉਣ ਦੀ ਸਖ਼ਤ ਅਪੀਲ ਕਰਦਿਆਂ ਕਿਹਾ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਮੁੱਖ ਮੰਤਰੀ ਪੰਜਾਬ ਤੇ ਡੀ ਜੀ ਪੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਜਾਣਗੇ |

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *