ਨੇਪਾਲ ਦੀ ਤਬਾਹੀ ਨੇ ਮਨੁੱਖਤਾ ਨੂੰ ਸਖ਼ਤ ਸਬਕ ਦਿੱਤਾ ਹੈ ਕਿ ਵਾਤਾਵਰਣ ਤਬਦੀਲੀ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ : ਡਾ. ਸੋਨੀਆ
ਹੁਸ਼ਿਆਰਪੁਰ, 30 ਅਗਸਤ (ਤਰਸੇਮ ਦੀਵਾਨਾ)

ਤਿਬੱਤ ਦੀ ਸਰਹੱਦ ਨਾਲ ਲੱਗਦੇ ਨੇਪਾਲ ਦੇ ਰਸੁਵਾ ਖੇਤਰ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤਬਾਹੀ ਵਿੱਚ ਮੌਤਾਂ ਦੀ ਗਿਣਤੀ 400 ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂ ਕਿ 2000 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਸਨ ਜੋ ਤਿਬੱਤ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਲਈ ਜਾ ਰਹੇ ਸਨ। ਦਰਿਆ ਦੇ ਕੰਢੇ ਵਸਦੀਆਂ ਆਬਾਦੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਘੱਟੋ-ਘੱਟ ਇੱਕ ਦਰਜਨ ਪਣ ਬਿਜਲੀ ਪ੍ਰੋਜੈਕਟ ਵੀ ਇਸ ਦੀ ਲਪੇਟ ਵਿੱਚ ਆਏ ਹਨ। ਅਨੁਮਾਨ ਹੈ ਕਿ ਤਿਬੱਤ ਵਾਲੇ ਪਾਸੇ ਹੋਈ ਭਾਰੀ ਬਾਰਸ਼ ਜਾਂ ਗਲੇਸ਼ੀਅਰ ਦੀ ਝੀਲ ਟੁੱਟਣ ਕਾਰਨ ਇਹ ਭਿਆਨਕ ਹਾਲਾਤ ਬਣੇ ਹਨ, ਜਿਸ ਕਾਰਨ ਰਸੁਵਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਸਾਰੇ ਦੁਖਦਾਈ ਘਟਨਾਕ੍ਰਮ ‘ਤੇ ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉੱਘੀ ਸਮਾਜ ਸੇਵਕਾ ਅਤੇ ਬੁੱਧੀਜੀਵੀ ਸ਼ਖਸ਼ੀਅਤ ਡਾ. ਸੋਨੀਆ ਨੇ ਕਿਹਾ ਕਿ ਇਹ ਆਫ਼ਤ ਬਹੁਤ ਹੀ ਭਿਆਨਕ ਅਤੇ ਦਿਲ ਨੂੰ ਕੰਬਾਉਣ ਵਾਲੀ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਸ ਆਫ਼ਤ ਨੇ ਕਈ ਭੈਣਾਂ ਦੇ ਵੀਰ, ਕਈ ਬੱਚਿਆਂ ਦੇ ਬਾਪ ਅਤੇ ਕਈਆਂ ਦੀਆਂ ਮਾਵਾਂ ਖੋਹ ਕੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਹੈ ਬਹੁਤ ਮਾੜਾ ਹੋਇਆ ਹੈ, ਕਿਉਂਕਿ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਨੇਪਾਲ ਦੀ ਇਸ ਤਬਾਹੀ ਨੇ ਮਨੁੱਖਤਾ ਨੂੰ ਇੱਕ ਸਖ਼ਤ ਸਬਕ ਦਿੱਤਾ ਹੈ ਕਿ ਵਾਤਾਵਰਣ ਤਬਦੀਲੀ ਨੂੰ ਹੁਣ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਉੱਤਰਾਖੰਡ ਵਿੱਚ 2012 ਦੀ ਤਬਾਹੀ ਅਤੇ 2023 ਵਿੱਚ ਸਿੱਕਮ ਵਿੱਚ ਗਲੇਸ਼ੀਅਰ ਝੀਲ ਦੇ ਫਟਣ (ਟ੍ਰਬਰਸਟ) ਦੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਹਨ। ਉਹਨਾਂ ਕਿਹਾ ਕਿ ਵਿਗਿਆਨੀਆਂ ਮੁਤਾਬਕ ਵੱਧਦੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਮੌਸਮੀ ਚੱਕਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਿਤੇ ਲੰਬਾ ਸਮਾਂ ਸੋਕਾ ਪੈਂਦਾ ਹੈ ਅਤੇ ਕਿਤੇ ਅਚਾਨਕ ਭਾਰੀ ਬਾਰਸ਼ ਜਾਂ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਉਹਨਾਂ ਕਿਹਾ ਕਿ ਅੱਜ ਪੈਸੇ ਅਤੇ ਵਿਕਾਸ ਦੀ ਹਵਸ ਕਾਰਨ ਮਨੁੱਖ ਨੇ ਕੁਦਰਤ ਨੂੰ ਨਜ਼ਰਅੰਦਾਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਜਿਸ ਦਾ ਖ਼ਮਿਆਜ਼ਾ ਸਾਨੂੰ ਅਜਿਹੀਆਂ ਭਿਆਨਕ ਆਫ਼ਤਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਨੇਪਾਲ ਦੀ ਇਸ ਮੌਜੂਦਾ ਤਬਾਹੀ ਨੇ ਸਾਨੂੰ ਮੁੜ ਤੋਂ ਗੰਭੀਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
Post Views: 5
