ਸੰਗਰੂਰ/ ਰੋਜ਼ਾਨਾਂ ਰਿਪੋਰਟਰ

ਸਥਾਨਕ ਡਰੀਮਲੈਂਡ ਕਲੋਨੀ ਵਿੱਚ ਆਪਣੀ ਰਿਹਾਇਸ਼ ’ਤੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਪੋ-ਆਪਣੇ ਫਾਰਮ ਬੂਥ ਲੈਵਲ ਅਫ਼ਸਰ (ਬੀ ਐਲ ਓ) ਨੂੰ ਸੌਂਪੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਪ੍ਰਕਿਰਿਆ ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ ਫਾਰਮ ਭਰਿਆ।ਫਾਰਮ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ 90 ਫੀਸਦੀ ਵੋਟਰ ਸੂਚੀ ਦੀ ਮੈਪਿੰਗ ਪਹਿਲਾਂ ਹੀ ਪੂਰੀ ਕਰ ਲਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪ੍ਰਕਿਰਿਆ ਦੌਰਾਨ ਕਿਸੇ ਵੀ ਨਾਗਰਿਕ ਦੀ ਸਹੀ ਵੋਟ ਕੱਟਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ ਆਈ ਆਰ ਤਹਿਤ ਬੀ ਐਲ ਓਜ਼ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਤਸਦੀਕ ਅਤੇ ਸੁਧਾਈ ਦਾ ਕੰਮ ਕਰ ਰਹੇ ਹਨ।ਉਨ੍ਹਾਂ ਸੂਬਾ ਵਾਸੀਆਂ ਨੂੰ ਇਹ ਫਾਰਮ ਲਾਜ਼ਮੀ ਭਰਨ ਦੀ ਅਪੀਲ ਕੀਤੀ। ਇਸ ਕੰਮ ਲਈ ਬੀ ਐੱਲ ਓ ਹਰ ਘਰ ਵਿੱਚ ਤਿੰਨ ਵਾਰ ਗੇੜਾ ਮਾਰਨਗੇ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਫਾਈਨਲ ਖਰੜਾ ਪ੍ਰਕਾਸ਼ਿਤ ਕੀਤਾ ਜਾਵੇਗਾ। ਜੇ ਕੋਈ ਵੋਟਰ ਫਾਰਮ ਭਰਨ ਤੋਂ ਰਹਿ ਜਾਂਦਾ ਹੈ, ਤਾਂ ਉਹ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਵਿੱਚ ਜਾਰੀ ਕੀਤੀ ਜਾਵੇਗੀ।ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਹੀ ਫਾਰਮ ਜਮ੍ਹਾਂ ਕਰਵਾਉਣ ਵਾਲਿਆਂ ਦੇ ਨਾਂ ਹੀ ਖਰੜਾ ਸੂਚੀ ਵਿੱਚ ਸ਼ਾਮਲ ਹੋਣਗੇ। ਫਾਰਮ ਨਾ ਭਰਨ ਵਾਲਿਆਂ ਬਾਰੇ ਗੁਆਂਢੀਆਂ ਤੋਂ ਪੁੱਛ-ਪੜਤਾਲ ਕਰ ਕੇ ਉਨ੍ਹਾਂ ਨੂੰ ਗੈਰ-ਹਾਜ਼ਰ, ਸ਼ਿਫਟ ਹੋ ਚੁੱਕੇ, ਮ੍ਰਿਤਕ ਅਤੇ ਦੋਹਰੀ ਵੋਟ ਵਾਲੀਆਂ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸੇ ਵੀ ਵੋਟਰ ਦੀ ਸਹੀ ਵੋਟ ਨਹੀਂ ਕੱਟੀ ਜਾਏਗੀ।
