“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ 29 ਪੁਲਿਸ ਕਰਮਚਾਰੀਆਂ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਜਲੰਧਰ/26 ਮਈ 2026/ ਸੁਨੀਲ ਕੁਮਾਰ
ਅੱਜ ਪੁਲਿਸ ਲਾਈਨਜ਼ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ Dhanpreet Kaur ਕਮਿਸ਼ਨਰ ਪੁਲਿਸ ਜਲੰਧਰ ਜੀ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪਿਛਲੇ ਇੱਕ ਮਹੀਨੇ ਵਿੱਚ ਆਪਣੀ ਡਿਊਟੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਵਾਲੇ 29 ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
ਉਨ੍ਹਾਂ ਨੇ ਇਨ੍ਹਾਂ ਪੁਲਿਸ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੇ ਆਪਣੀ ਡਿਊਟੀ ਪੂਰੀ ਲਗਨ, ਮਿਹਨਤ, ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਈ ਹੈ। “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਚੱਲ ਰਹੀ ਜੰਗ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸਮਰਪਣ ਨੇ ਨਾ ਸਿਰਫ਼ ਪੁਲਿਸ ਵਿਭਾਗ ਦਾ ਮਾਣ ਵਧਾਇਆ ਹੈ, ਸਗੋਂ ਸਮਾਜ ਵਿੱਚ ਕਾਨੂੰਨ ਪ੍ਰਤੀ ਭਰੋਸੇ ਨੂੰ ਵੀ ਹੋਰ ਮਜ਼ਬੂਤ ਕੀਤਾ ਹੈ।
ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਇਨ੍ਹਾਂ ਦੀ ਕਾਰਗੁਜ਼ਾਰੀ ਕਮਿਸ਼ਨਰੇਟ ਪੁਲਿਸ ਦੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਦ੍ਰਿੜ ਇਰਾਦੇ, ਵਚਨਬੱਧਤਾ ਅਤੇ ਲੋਕ-ਹਿਤ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ।
ਸੀਪੀ ਜਲੰਧਰ ਨੇ ਇਨ੍ਹਾਂ ਪੁਲਿਸ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਦਰਜਾ-1 ਸਰਟੀਫਿਕੇਟ ਅਤੇ ਕੁੱਲ 02 ਲੱਖ 02 ਹਜ਼ਾਰ ਰੁਪਏ ਨਕਦ ਇਨਾਮ ਵਜੋਂ ਦਿੱਤੇ। ਇਨ੍ਹਾਂ ਵਿੱਚ 09 ਸਬ-ਇੰਸਪੈਕਟਰ, 17 ਅਸਿਸਟੈਂਟ ਸਬ-ਇੰਸਪੈਕਟਰ ਅਤੇ 03 ਹੈੱਡ ਕਾਂਸਟੇਬਲ ਸਮੇਤ ਕੁੱਲ 29 ਕਰਮਚਾਰੀ ਸ਼ਾਮਲ ਸਨ।
ਕਮਿਸ਼ਨਰੇਟ ਪੁਲਿਸ ਆਉਣ ਵਾਲੇ ਸਮੇਂ ਵਿੱਚ ਵੀ ਨਸ਼ਿਆਂ ਖ਼ਿਲਾਫ਼ ਆਪਣੀ ਜ਼ਿੰਮੇਵਾਰੀ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਰਹੇਗੀ ਤਾਂ ਜੋ ਸਮਾਜ ਵਿੱਚ ਅਮਨ-ਕਾਨੂੰਨ ਕਾਇਮ ਰਹੇ ਅਤੇ ਨੌਜਵਾਨਾਂ ਨੂੰ ਇੱਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਪ੍ਰਦਾਨ ਕੀਤਾ ਜਾ ਸਕੇ।
ਇਸ ਸਮਾਰੋਹ ਦੌਰਾਨ Manpreet Singh Dhillon DCP Investigation ਅਤੇ Sukhwinder Singh ADCP Headquarters ਵੀ ਹਾਜ਼ਰ ਸਨ। ਉਨ੍ਹਾਂ ਨੇ ਵੀ ਸਨਮਾਨਿਤ ਹੋਣ ਵਾਲੇ ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
