ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਜ਼ਿਲ੍ਹੇ ਦੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਚੈਕਿੰਗ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਜ਼ਿਲ੍ਹੇ ਦੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੀ ਅਚਨਚੇਤ ਚੈਕਿੰਗ
ਸਕੂਲਾਂ ’ਚ ਨੈਸ਼ਨਲ ਫੂਡ ਸਕਿਓਰਿਟੀ ਐਕਟ ਦੇ ਨਿਯਮਾਂ ਦੀ ਪਾਲਣਾ ’ਤੇ ਪ੍ਰਗਟਾਈ ਤਸੱਲੀ
ਜਲੰਧਰ, 27 ਫਰਵਰੀ /sunil
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਚੀਮਾ, ਅੰਬੀਆ ਤੋਹਫਾ, ਹਸਨ ਮੁੰਡਾ ਅਤੇ ਕਰਤਾਰਪੁਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਦੌਰਾ ਕਰਕੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ।
ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਸਰਕਾਰੀ ਸਕੂਲ ਕਰਤਾਰਪੁਰ, ਚੀਮਾ, ਹਸਨ ਮੁੰਡਾ ਵਿਖੇ ਮਿਡ-ਡੇ ਮੀਲ ਸਕੀਮ ਤਹਿਤ ਵਿਦਿਆਰਥੀਆਂ ਨੂੰ ਪਰੋਸੇ ਜਾ ਰਹੇ ਖਾਣੇ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿੱਥੇ ਬੱਚਿਆਂ ਨੂੰ ਮਿਡ-ਡੇ ਮੀਲ ਵਧੀਆ ਢੰਗ ਨਾਲ ਦਿੱਤਾ ਜਾ ਰਿਹਾ ਸੀ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ, ਅੰਬੀਆ ਤੋਹਫਾ ਵਿਖੇ ਵੀ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬੱਚਿਆਂ ਨੂੰ ਪਰੋਸੇ ਜਾਂਦੇ ਖਾਣੇ ਦੀ ਗੁਣਵੱਤਾ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ।
ਉਪਰੰਤ ਸ਼੍ਰੀ ਧਾਲੀਵਾਲ ਨੇ ਆਂਗਣਵਾੜੀ ਕੇਂਦਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਆਂਗਣਵਾਰੀ ਕੇਂਦਰ ਹਸਨ ਮੁੰਡਾ ਵਿਖੇ ਨਿਰੀਖਣ ਦੌਰਾਨ ਲਾਭਪਾਤਰੀਆਂ ਨੂੰ ਕੀਤੀ ਜਾ ਰਹੀ ਸਾਮਾਨ ਦੀ ਵੰਡ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਵੱਲੋਂ ਹਸਨ ਮੁੰਡਾ ਪਿੰਡ ਦੇ ਰਾਸ਼ਨ ਡਿਪੂ ਦਾ ਵੀ ਦੌਰਾ ਕੀਤਾ ਗਿਆ।
ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਕਮਿਸ਼ਨ ਦੇ ਹੈਲਪਲਾਈਨ ਨੰਬਰ 98767-64545 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਵੀ ਦਰਜ ਕਰਵਾਈ ਜਾ ਸਕਦੀ ਹੈ।

Leave a Reply

Your email address will not be published. Required fields are marked *