
ਬਰਨਾਲਾ,10 ਫ਼ਰਵਰੀ/ਰੋਜ਼ਾਨਾ ਰਿਪੋਰਟਰ
“ਸਾਡੀ ਕੋਠੀ ਹਰ ਰੋਜ਼ ਕਰੀਬ ਛੇ ਫੁੱਟ ਅੱਗੇ ਵੱਧ ਰਹੀ ਹੈ। ਕੱਲ੍ਹ ਜਿੱਥੇ ਸੀ, ਅੱਜ ਉੱਥੋਂ ਅੱਗੇ ਆ ਗਈ ਹੈ।”ਇਹ ਗੱਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਦੀ ਇੱਕ ਕੋਠੀ ਬਾਰੇ ਹੋ ਰਹੀ ਹੈ, ਜਿਸ ਨੂੰ ਉਸ ਦੀ ਤੈਅ ਥਾਂ ਤੋਂ ਸ਼ਿਫ਼ਟ ਕੀਤਾ ਜਾ ਰਿਹਾ ਹੈ। ਕੋਠੀ ਦੇ ਮਾਲਕ ਸੁਖਪ੍ਰੀਤ ਸਿੰਘ ਇਸ ਬਾਰੇ ਜਾਣਕਾਰੀ ਦੇ ਰਹੇ ਹਨ।ਅਸਲ ਵਿੱਚ ਸੁਖਪ੍ਰੀਤ ਸਿੰਘ ਆਪਣੀ ਕੋਠੀ ਨੂੰ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਕਰੀਬ 250 ਫੁੱਟ ਦੂਰ ਤਬਦੀਲ ਕਰ ਰਹੇ ਹਨ, ਕਿਉਂਕਿ ਇਹ ਕੋਠੀ ਭਾਰਤਮਾਲਾ ਹਾਈਵੇ ਪ੍ਰੋਜੈਕਟ ਦੇ ਪ੍ਰਸਤਾਵਿਤ ਰੂਟ ਵਿਚਕਾਰ ਆ ਗਈ ਸੀ।ਹਾਲਾਂਕਿ ਹਾਈਵੇ ਅਥਾਰਿਟੀ ਵੱਲੋਂ ਸੁਖਪ੍ਰੀਤ ਸਿੰਘ ਨੂੰ ਕੋਠੀ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ, ਪਰ ਉਹ ਇਸ ਨੂੰ ਤੋੜਨਾ ਨਹੀਂ ਚਾਹੁੰਦੇ। ਇਸ ਲਈ ਉਹ ਹਾਈਡ੍ਰੌਲਿਕ ਜੈੱਕਾਂ ਦੀ ਮਦਦ ਨਾਲ ਇਸ ਨੂੰ ਤੈਅ ਥਾਂ ਤੋਂ 250 ਫੁੱਟ ਦੂਰ ਲੈ ਕੇ ਜਾ ਰਹੇ ਹਨ। ਫ਼ਿਲਹਾਲ ਕੋਠੀ ਕਰੀਬ 160 ਫੁੱਟ ਦੀ ਦੂਰੀ ਤੈਅ ਕਰ ਚੁੱਕੀ ਹੈ।
